ਔੜ, 4 ਨਵੰਬਰ (ਗੁਰਨਾਮ ਸਿੰਘ ਸੈਣੀ) - ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੁੱਕਾ ਬਾਰ ਚਲਾਉਣ, ਈ- ਸਿਗਰਟ ਅਤੇ ਖੁੱਲ੍ਹੀ ਸਿਗਰਟ ਵੇਚਣ ਵਾਲਿਆਂ ਖਿਲਾਫ ਸਿਹਤ ਵਿਭਾਗ ਵਲੋਂ ਕੋਟਪਾ ਐਕਟ 2003 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਇੰਸਪੈਕਟਰ ਬਲਵੰਤ ਰਾਮ ਨੇ ਦੱਸਿਆ ਕਿ ਪਿੰਡ ਔੜ ਅਤੇ ਗਰਚਾ ਵਿਖੇ ਇਸ ਐਕਟ ਅਧੀਨ ਤੰਬਾਕੂ ਦੀ ਪ੍ਰਦਰਸ਼ਨੀ ਕਰਨ ਵਾਲੇ ਤੇ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ | ਕਿਸੇ ਵੀ ਸਕੂਲ, ਕਾਲਜ ਜਾਂ ਧਾਰਮਿਕ ਅਸਥਾਨ ਆਦਿ ਦੇ 100 ਮੀਟਰ ਦੇ ਘੇਰੇ ਅੰਦਰ ਕੋਈ ਵੀ ਤੰਬਾਕੂ ਜਾਂ ਤੰਬਾਕੂ ਨਾਲ ਨਿਰਮਿਤ ਪਦਾਰਥ ਵੇਚਣ 'ਤੇ ਪਾਬੰਦੀ ਹੋਵੇਗੀ | ਸਾਰੇ ਸਰਕਾਰੀ ਅਦਾਰਿਆਂ, ਸਕੂਲਾਂ, ਕਾਲਜਾਂ ਆਦਿ ਵਿਖੇ ਤੰਬਾਕੂ ਨੋਸ਼ੀ ਬਾਰੇ ਚਿਤਾਵਨੀ ਬੋਰਡ ਜਰੂਰੀ ਲੱਗੇ ਹੋਣੇ ਚਾਹੀਦੇ ਹਨ | ਜਨਤਕ ਥਾਵਾਂ ਸਮੇਤ ਦੁਕਾਨਦਾਰਾਂ ਨੂੰ ਤੰਬਾਕੂ ਨੋਸ਼ੀ ਤੋਂ ਦੂਰ ਰਹਿਣ ਅਤੇ ਇਸ ਸਬੰਧੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਗਰਟ, ਬੀੜੀ ਅਤੇ ਤੰਬਾਕੂ ਤੋਂ ਬਣੇ ਪਦਾਰਥ ਨਾ ਦੇਣ ਲਈ ਕਿਹਾ | ਉਨ੍ਹਾਂ ਜਾਂਚ ਦੌਰਾਨ ਕਿਹਾ ਕਿ ਇਸ ਐਕਟ ਤਹਿਤ ਕੋਈ ਵੀ ਦੁਕਾਨਦਾਰ, ਖੋਖਾ ਮਾਲਕ ਗਾਹਕ ਨੂੰ ਖੁੱਲ੍ਹੀ ਸਿਗਰਟ ਅਤੇ ਸੁਗੰਧਤ ਤੰਬਾਕੂ ਨਹੀ ਵੇਚ ਸਕਦਾ, ਅਤੇ ਹਰ ਦੁਕਾਨ 'ਤੇ ਚਿਤਾਵਨੀ ਬੋਰਡ ਲਾਜ਼ਮੀ ਲੱਗਿਆ ਹੋਣਾ ਚਾਹੀਦਾ ਹੈ | ਬੀਅਰ ਬਾਰ 'ਚ ਵੀ ਹੁੱਕਾ ਬਾਰ ਚਲਾਉਣਾ ਸਖ਼ਤ ਮਨ੍ਹਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਕਰਿਆਨਾ, ਮਨਿਆਰੀ ਅਤੇ ਹੋਰ ਖਾਧ ਪਦਾਰਥ ਵੇਚਣ ਵਾਲੀਆਂ ਦੁਕਾਨਾਂ 'ਤੇ ਵੀ ਤੰਬਾਕੂ ਪਦਾਰਥ ਨਹੀ ਵੇਚੇ ਜਾ ਸਕਦੇ | ਅਜਿਹਾ ਕਰਨ ਦੀ ਸੂਰਤ 'ਚ ਦੁਕਾਨਦਾਰ ਨੂੰ ਸਜ਼ਾ ਤੇ ਜੁਰਮਾਨਾ ਹੋਣ ਦੇ ਨਾਲ-ਨਾਲ ਦੁਕਾਨ ਦਾ ਫੂਡ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ | ਇਸ ਮੌਕੇ ਪੀ.ਐਚ.ਸੀ ਔੜ ਵਿਖੇ ਪੰਜਾਬ ਸਟੇਟ ਨੋ ਤੰਬਾਕੂ ਡੇ 'ਤੇ ਤੰਬਾਕੂ ਵਿਰੋਧੀ ਸਹੁੰ ਵੀ ਚੁਕਾਈ ਗਈ | ਉਨ੍ਹਾਂ ਦੱਸਿਆ ਕਿ ਅੱਜ ਇਸ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਣ ਵੀ ਕੀਤੇ ਗਏ | ਇਸ ਮੌਕੇ 'ਤੇ ਉਨ੍ਹਾਂ ਨਾਲ ਹੈਲਥ ਵਰਕਰ ਸਚਦੀਪ ਸਿੰਘ, ਗੁਰਦਰਸ਼ਨ ਸੰਧੂ ਆਦਿ ਵੀ ਹਾਜ਼ਰ ਸਨ |