ਬਲਾਚੌਰ, 21 ਨਵੰਬਰ (ਨਰੇਸ਼ ਧੌਲ) - ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਪਿੰਡ ਮਜਾਰਾ ਮੌਜੋਵਾਲ ਵਿਖੇ ਇੱਕ ਘਰ ਵਿੱਚੋਂ ਅੱਧੀ ਰਾਤ ਨੂੰ ਦਾਖਲ ਹੋ ਕੇ ਸੋਨਾ, ਨਕਦੀ, ਮੋਬਾਇਲ ਫੋਨ ਅਤੇ ਹੋਰ ਘਰ ਦਾ ਸਮਾਨ ਚੋਰੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ | ਅਜਮੇਰ ਸਿੰਘ ਮਾਨ ਪੁੱਤਰ ਰਤਨ ਸਿੰਘ ਮਾਨ ਪਿੰਡ ਮਜਾਰਾ ਮੌਜੋਵਾਲ ਨੇ ਦੱਸਿਆ ਕਿ ਬੀਤੀ ਰਾਤ ਘਰ ਦੇ ਪਿਛਲੇ ਪਾਸੇ ਤੋਂ ਕੁੱਝ ਅਣਪਛਾਤੇ ਚੋਰਾਂ ਵੱਲੋਂ ਤਾਕੀ ਦੀ ਗਰਿਲ ਪੁੱਟ ਕੇ ਅਤੇ ਸ਼ੀਸ਼ਾ ਤੋੜਿਆ ਗਿਆ ਅਤੇ ਫਿਰ ਅੰਦਰ ਦਾਖਲ ਹੋ ਕੇ ਅਲਮਾਰੀ ਅਤੇ ਪੇਟੀਆਂ ਦੇ ਜਿੰਦਰੇ ਤੋੜਨ ਉਪਰੰਤ 13 ਤੋਲੇ ਸੋਨਾ, 70 ਹਜ਼ਾਰ ਰੁਪਏ ਦੀ ਨਕਦੀ, ਇੱਕ ਨਵਾਂ ਮੋਬਾਇਲ ਫੋਨ ਅਤੇ ਹੋਰ ਘਰ ਦਾ ਸਮਾਨ ਚੋਰੀ ਕੀਤਾ ਗਿਆ ਹੈ | ਸਵੇਰ ਵੇਲੇ ਜਦੋਂ ਉੱਠ ਕੇ ਵੇਖਿਆ ਗਿਆ ਤਾਂ ਸਾਰੇ ਪਾਸੇ ਖਿਲਾਰਾ ਪਿਆ ਹੋਇਆ ਸੀ | ਜਿਸ ਸਬੰਧੀ ਪਿੰਡ ਦੇ ਮੁਹਤਬਾਰਾਂ ਨੂੰ ਦੱਸਿਆ ਗਿਆ ਉਪਰੰਤ ਥਾਣਾ ਬਲਾਚੌਰ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਜਿਸ 'ਤੇ ਪੁਲਿਸ ਮੁਲਾਜ਼ਮਾਂ ਵੱਲੋਂ ਮੌਕਾ ਵੇਖ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ | ਸਰਪੰਚ ਦਿਲਵਰ ਸਿੰਘ ਖਟਕੜ, ਜੋਗਿੰਦਰ ਪਾਲ ਚਾਂਦਲਾ, ਤੇਜਵੀਰ ਸਿੰਘ ਤੇਜੀ, ਨਰਿੰਦਰ ਸਿੰਘ ਆਪ ਆਗੂ, ਸੁਰਿੰਦਰ ਸ਼ਿੰਦਾ ਆਦਿ ਨੇ ਪੁਲਿਸ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਅਜਿਹੇ ਗਲਤ ਅਨਸਰਾਂ ਨੂੰ ਕਾਬੂ ਕਰਕੇ ਜਿੱਥੇ ਸਖਤ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਉੱਥੇ ਪੀੜਤ ਵਿਅਕਤੀ ਦੇ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕਰਵਾਈ ਜਾਵੇ |