ਨਵਾਂਸ਼ਹਿਰ, 5 ਦਸੰਬਰ (ਜਸਬੀਰ ਸਿੰਘ ਨੂਰਪੁਰ) - ਜ਼ਿਲੇ ਵਿੱਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਪ੍ਰਾਪਤ ਨਾਮਜ਼ਦਗੀਆਂ ਦੀ ਹੋਈ ਪੜਤਾਲ ਉਪਰੰਤ ਜ਼ਿਲ੍ਹਾ ਪ੍ਰੀਸ਼ਦ ਲਈ 48 ਅਤੇ ਬਲਾਕ ਸੰਮਤੀ ਲਈ 305 ਨਾਮਜ਼ਦਗੀਆਂ ਯੋਗ ਪਾਈਆਂ ਗਈਆਂ | ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਅਵਨੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ ਵੀਰਵਾਰ ਸ਼ਾਮ ਤੱਕ 49 ਅਤੇ ਬਲਾਕ ਸੰਮਤੀ ਲਈ 309 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਸਨ | ਜਿਨ੍ਹਾਂ ਦੀ ਪੜਤਾਲ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਲਈ 48 ਅਤੇ ਬਲਾਕ ਸੰਮਤੀ ਲਈ 305 ਨਾਮਜ਼ਦਗੀਆਂ ਯੋਗ ਪਾਈਆਂ ਗਈਆਂ | ਉਨ੍ਹਾਂ ਦੱਸਿਆ ਜ਼ਿਲ੍ਹਾ ਪ੍ਰੀਸ਼ਦ ਲਈ 10 ਅਤੇ ਪੰਚਾਇਤ ਸੰਮਤੀਆਂ ਲਈ 82 ਜ਼ੋਨ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 466 ਗ੍ਰਾਮ ਪੰਚਾਇਤਾਂ, 462 ਪੋਲਿੰਗ ਸਟੇਸ਼ਨ, 633 ਪੋਲਿੰਗ ਬੂਥ ਅਤੇ 417240 ਵੋਟਰ ਹਨ | ਜ਼ਿਲ੍ਹਾ ਪ੍ਰੀਸ਼ਦ ਲਈ ਬਣਾਏ ਜੋਨਾਂ ਬਾਰੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵਾਂਸ਼ਹਿਰ 'ਚ 3 ਜੋਨ ਬਣਾਏ ਗਏ ਹਨ ਜਦਕਿ 1 ਜੋਨ ਸੜੋਆ, 2 ਬਲਾਚੌਰ ਅਤੇ ਬੰਗਾ ਲਈ 4 ਜੋਨ ਬਣਾਏ ਗਏ ਹਨ | ਇਸੇ ਤਰ੍ਹਾਂ ਬਲਾਕ ਸੰਮਤੀਆਂ ਲਈ ਬੰਗਾ ਅਤੇ ਨਵਾਂਸ਼ਹਿਰ ਵਿੱਚ 25-25, ਬਲਾਚੌਰ 'ਚ 17 ਅਤੇ ਸੜੋਆ ਵਿੱਚ 15 ਜ਼ੋਨ ਬਣਾਏ ਗਏ ਹਨ | ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਨਿਰਪੱਖ, ਆਜ਼ਾਦਾਨਾ ਅਤੇ ਸੁਚੱਜੇ ਢੰਗ ਨਾਲ ਚੋਣ ਪ੍ਰਕੀਰਿਆ ਮੁਕੰਮਲ ਕਰਨ ਲਈ ਲੋੜੀਂਦੇ ਇੰਤਜ਼ਾਮ ਅਮਲ ਵਿੱਚ ਲਿਆਂਦੇ ਗਏ ਹਨ ਅਤੇ ਆਉਂਦੇ ਦਿਨਾਂ ਵਿੱਚ ਚੋਣ ਅਮਲੇ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਸਮੁੱਚੀ ਪ੍ਰਕਿਰਿਆ ਬਿਨਾਂ ਕਿਸੇ ਅੜਚਨ ਦੇ ਮੁਕੰਮਲ ਹੋ ਸਕੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 466 ਗ੍ਰਾਮ ਪੰਚਾਇਤਾਂ ਹਨ | ਅਵਨੀਤ ਕੌਰ ਨੇ ਦੱਸਿਆ ਕਿ 6 ਦਸੰਬਰ ਨੂੰ ਕਾਗਜ਼ ਵਾਪਸ ਲਏ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਨਤੀਜੇ 17 ਦਸੰਬਰ ਨੂੰ ਆਉਣਗੇ |