ਬੰਗਾ, 20 ਦਸੰਬਰ (ਕੁਲਦੀਪ ਸਿੰਘ ਪਾਬਲਾ) - ਪਿੰਡ ਖਟਕੜ ਕਲਾਂ ਵਿਖੇ ਬਾਬਾ ਜਵਾਹਰ ਸਿੰਘ ਝੰਡੇ ਵਾਲਿਆਂ ਦੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਜਸਦੀਪ ਸਿੰਘ ਮੰਗਾ ਵਲੋਂ ਇਸ ਅਸਥਾਨ 'ਤੇ ਨਮਸਤਕ ਹੋਣ ਆਈਆਂ ਸੰਗਤਾਂ ਵਲੋਂ ਅਰਦਾਸ ਕਰਾਉਣ ਉਪਰੰਤ ਸੰਗਤਾਂ ਨਾਲ ਪ੍ਰਵਚਨ ਕਰਦਿਆਂ ਹੋਇਆਂ ਬਾਬਾ ਜਵਾਹਰ ਸਿੰਘ ਝੰਡੇ ਵਾਲਿਆਂ ਦੇ ਅਸਥਾਨ ਦੀ ਮਹੱਤਤਾ ਬਾਰੇ ਦੱਸਿਆ ਕਿ ਮਹਾਨ ਤਪਸਵੀ ਬਾਬਾ ਜਵਾਹਰ ਸਿੰਘ ਪਹੁੰਚੇ ਹੋਏ ਮਹਾਂਪੁਰਸ਼ ਸਨ ਜਿਨ੍ਹਾਂ ਨੇ 22 ਝੰਡੇ ਗੱਡੇ ਸਨ | ਜਿਸ ਵਿੱਚੋਂ ਪਹਿਲਾ ਝੰਡਾ ਖਟਕੜ ਕਲਾਂ ਵਿਖੇ ਗੱਡਿਆ ਗਿਆ ਸੀ | ਬਾਬਾ ਜਸਦੀਪ ਸਿੰਘ ਨੇ ਪ੍ਰਵਚਨਾ ਰਾਹੀਂ ਦੱਸਿਆ ਕਿ ਇਹ ਅਸਥਾਨ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵ ਰੱਖਦਾ ਹੈ ਅਤੇ ਉਨ੍ਹਾਂ ਨੇ ਦੱਸਿਆ ਜਾਣਕਾਰੀ ਅਨੁਸਾਰ ਇਹ ਅਸਥਾਨ ਸ਼੍ਰੀ ਗੁਰੂ ਅਮਰਦਾਸ ਜੀ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਸੰਗਤਾਂ ਨੂੰ ਦੱਸਿਆ ਕਿ ਇਸ ਅਸਥਾਨ 'ਤੇ ਕਈ ਸੌ ਸਾਲ ਪਹਿਲਾਂ ਵੀ ਸੰਗਤਾਂ ਨਮਸਤਕ ਹੁੰਦੀਆਂ ਸਨ ਅਤੇ ਉਸੇ ਪਰੰਪਰਾ ਦੇ ਹਿਸਾਬ ਨਾਲ ਅੱਜ ਵੀ ਇਸ ਅਸਥਾਨ 'ਤੇ ਨਮਸਤਕ ਹੋਣ ਉਪਰੰਤ ਆਪਣੀਆਂ ਕੀਤੀਆਂ ਹੋਈਆਂ ਅਰਦਾਸਾਂ ਪੂਰੀਆਂ ਹੋਣ 'ਤੇ ਸੰਗਤਾਂ ਵੱਲੋਂ ਲੰਗਰ ਲਗਾਏ ਜਾਂਦੇ ਹਨ ਅਤੇ ਪ੍ਰਸ਼ਾਦ ਰੂਪੀ ਸਮਗਰੀ ਵੀ ਚੜ੍ਹਾਉਂਦੇ ਹਨ | ਬਾਬਾ ਜਸਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਪਰੰਪਰਾ ਨਾਲ ਇਹ ਅਸਥਾਨ ਸਿੱਖ ਸੰਗਤਾਂ ਲਈ ਪਵਿੱਤਰ ਅਸਥਾਨ ਮੰਨਿਆ ਗਿਆ ਹੈ | ਇਸ ਦੌਰਾਨ ਬਾਬਾ ਜਸਦੀਪ ਸਿੰਘ ਮੰਗਾਂ ਨੇ ਸੰਗਤਾਂ ਨੂੰ ਦੱਸਿਆ ਕਿ ਇਹ ਅਸਥਾਨ ਸੰਗਤਾਂ ਲਈ ਇੱਕ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ | ਇਥੇ ਨਿਯਮਤ ਤੌਰ 'ਤੇ ਲੰਗਰ, ਜਪ, ਤਪ ਰੋਜ਼ਾਨਾ ਸੇਵਾ ਕਾਰਜ ਹੁੰਦੇ ਰਹਿੰਦੇ ਹਨ | ਉਹਨਾਂ ਦੱਸਿਆ ਕਿ ਸ਼ਰਧਾਲੂ ਬਾਬਾ ਜੀ ਦੀ ਕਿਰਪਾ ਅਤੇ ਬਖਸ਼ਿਸ਼ ਲਈ ਇੱਥੇ ਆਉਂਦੇ ਹਨ | ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਜਸਦੀਪ ਸਿੰਘ ਮੰਗਾ ਨੇ ਬਾਬਾ ਜਵਾਹਰ ਸਿੰਘ ਦੇ ਅਸਥਾਨ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ |