ਰੱਤੇਵਾਲ, 27 ਦਸੰਬਰ (ਅਸ਼ੋਕ ਕੁਮਾਰ ਲੀਲ)-ਬੀਤੀ ਰਾਤ ਚੋਰਾਂ ਵੱਲੋਂ ਗਊਸ਼ਾਲਾ ਮਾਰਕੀਟ ਰੱਤੇਵਾਲ ਵਿਖੇ ਤੇਜਪਾਲ ਜਵੈਲਰ ਅਤੇ ਸੀ.ਆਰ.ਜੀ.ਕੇ ਪਬਲਿਕ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ | ਤੇਜਪਾਲ ਜਵੈਲਰ ਦੇ ਮਾਲਕ ਵਿਨੀਤ ਕੁਮਾਰ ਨੇ ਦੱਸਿਆ ਕਿ ਰਾਤੀਂ ਉਹਨਾਂ ਦੀ ਦੁਕਾਨ ਦਾ ਸ਼ਟਰ ਤੋੜਿਆ ਗਿਆ ਹੈ | ਜਿਸ ਸੰਬੰਧੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਮੌਕੇ 'ਤੇ ਆਪਣੇ ਪਰਿਵਾਰ ਸਮੇਤ ਦੁਕਾਨ 'ਤੇ ਪਹੁੰਚੇ | ਉਹਨਾਂ ਦੇਖਿਆ ਕਿ ਚੋਰਾਂ ਵੱਲੋਂ ਕਟਰ ਨਾਲ ਤਾਲਾ ਤੋੜਿਆ ਗਿਆ ਹੈ ਅਤੇ ਸ਼ਟਰ ਨੂੰ ਵਿਚਕਾਰੋਂ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ | ਪ੍ਰੰਤੂ ਮੌਕੇ 'ਤੇ ਗੁਆਂਢੀਆਂ ਵੱਲੋਂ ਉੱਠ ਕੇ ਟਾਰਚ ਮਾਰਨ ਕਾਰਨ ਚੋਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਉਹਨਾਂ ਦਾ ਭਾਰੀ ਨੁਕਸਾਨ ਹੋਣ ਤੋਂ ਬਚ ਗਿਆ | ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵਿਭਾਗ ਦੀ ਟੀਮ ਨੇ ਰਾਤੀਂ ਮੌਕਾ ਦੇਖਿਆ | ਸਵੇਰੇ ਜਦੋਂ ਮਾਰਕੀਟ ਕਮੇਟੀ ਵਾਲੇ ਇਕੱਠੇ ਹੋਏ ਤਾਂ ਉਹਨਾਂ ਨੇ ਦੇਖਿਆ ਕਿ ਇਹਨਾਂ ਦੁਕਾਨਾਂ ਦੇ ਪਿਛਲੇ ਪਾਸੇ ਸੀ.ਆਰ.ਜੀ.ਕੇ ਪਬਲਿਕ ਸਕੂਲ ਦੇ ਸਾਰੇ ਤਾਲੇ ਤੋੜੇ ਗਏ ਹਨ | ਚੋਰਾਂ ਵੱਲੋਂ ਪਿ੍ੰਸੀਪਲ ਰੂਮ, ਸਟਾਫ਼ ਰੂਮ, ਕਲਰਕ ਰੂਮ ਅਤੇ ਕਲਾਸ ਰੂਮ ਦੇ ਤਾਲੇ ਕਟਰ ਨਾਲ ਕੱਟ ਕੇ ਭਾਰੀ ਮਾਤਰਾ ਵਿੱਚ ਕੀਮਤੀ ਸਮਾਨ ਚੋਰੀ ਕੀਤਾ ਗਿਆ ਹੈ | ਕਲਰਕ ਮੈਡਮ ਵਿਪਨ ਕੁਮਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਬੱਚਿਆਂ ਦੀਆਂ 80 ਹਜ਼ਾਰ ਰੁਪਏ ਦੇ ਕਰੀਬ ਫ਼ੀਸਾਂ ਦੀ ਰਕਮ ਪਈ ਸੀ ਜੋ ਕਿ ਚੋਰੀ ਹੋ ਗਈ ਹੈ | ਚੋਰਾਂ ਵੱਲੋਂ ਸੀ.ਸੀ.ਟੀ.ਵੀ ਦੇ ਕੈਮਰਿਆਂ ਦੀਆਂ ਤਾਰਾਂ ਅਤੇ ਡੀ.ਵੀ.ਆਰ ਵੀ ਤੋੜ ਦਿੱਤਾ ਗਿਆ | ਇਸ ਤੋਂ ਬਾਅਦ ਉਹਨਾਂ ਵੱਲੋਂ ਸਵਾਮੀ ਰਾਮ ਤੀਰਥ ਦੇ ਕਮਰੇ ਵਿੱਚ ਵੀ ਚੋਰੀ ਨੂੰ ਅੰਜਾਮ ਦਿੱਤਾ ਗਿਆ | ਮੌਕੇ 'ਤੇ ਪੁਲਿਸ ਵਿਭਾਗ ਦੀ ਟੀਮ ਵੀ ਪਹੁੰਚੀ ਏ.ਐੱਸ.ਆਈ ਵਿਨੋਦ ਕੁਮਾਰ ਅਤੇ ਏ.ਐੱਸ.ਆਈ ਪ੍ਰੇਮ ਲਾਲ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ | ਸੀ.ਸੀ.ਟੀ.ਵੀ ਦੀਆਂ ਫੋਟੇਜ ਨੂੰ ਖੰਘਾਲਿਆ ਜਾ ਰਿਹਾ ਹੈ, ਉਮੀਦ ਹੈ ਕਿ ਜਲਦੀ ਹੀ ਚੋਰ ਫੜੇ ਜਾਣਗੇ |