ਕੁੱਟਮਾਰ ਕਰਨ ਦੇ ਦੋਸ਼ 'ਚ ਪਰਚਾ ਦਰਜ
ਅਜੀਤ ਡੈਸਕ
22-12-2025
ਰਾਜਪੁਰਾ, 21 ਦਸੰਬਰ (ਰਣਜੀਤ ਸਿੰਘ)- ਸਿਟੀ ਪੁਲਿਸ ਨੇ ਕੁੱਟਮਾਰ ਕਰਨ ਦੇ ਦੋਸ਼ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਜੱਜਬੀਰ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਰਾਜਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਬਾਜ਼ਾਰ ਵਿਚ ਦਾੜ੍ਹੀ ਕਟਵਾਉਣ ਲਈ ਗਿਆ ਸੀ | ਹਾਲੇ ਉਹ ਦੁਕਾਨ ਦੇ ਬਾਹਰ ਹੀ ਖੜ੍ਹਾ ਸੀ ਤਾਂ ਇੰਨੇ ਚਿਰ ਵਿਚ 8-9 ਵਿਅਕਤੀ ਮੋਟਰਸਾਈਕਲ ਤੇ ਬਲੈਰੋ ਗੱਡੀ ਵਿਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੇ ਮੁੱਦਈ 'ਤੇ ਵਾਰ ਕਰਨੇ ਸ਼ੁਰੂ ਕਰ ਦਿਤੇ | ਮੁੱਦਈ ਭੱਜ ਕੇ ਇਕ ਦੁਕਾਨ 'ਚ ਵੜ ਗਿਆ ਤਾਂ ਉਨ੍ਹਾਂ ਨੇ ਦੁਕਾਨ ਦੇ ਸ਼ੀਸ਼ੇ ਤੋੜ ਦਿਤੇ ਤੇ ਕਿਰਪਾਨਾਂ ਨਾਲ ਮੁੱਦਈ 'ਤੇ ਵਾਰ ਕੀਤੇ | ਜਦੋਂ ਗੁਰਵਿੰਦਰ ਸਿੰਘ ਦੁਕਾਨ ਵਿਚ ਕੰਮ ਕਰਨ ਵਾਲੇ ਵਿਅਕਤੀ ਨੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਤੇ ਮੌਕੇ ਤੋਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਭਗਤ ਸਿੰਘ, ਹਰਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਸਹਿਜਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ |