ਫ਼ਤਹਿਗੜ੍ਹ ਸਾਹਿਬ, 24 ਦਸੰਬਰ (ਮਨਪ੍ਰੀਤ ਸਿੰਘ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਭਰਨ ਵਾਲੀ ਸ਼ਹੀਦੀ ਸਭਾ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਗਤਾਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ 'ਆਪ' ਦੇ ਸੀਨੀਅਰ ਆਗੂ ਰਮੇਸ਼ ਕੁਮਾਰ ਸੋਨੂੰ, 'ਆਪ' ਇੰਚਾਰਜ ਐਡਵੋਕੇਟ ਗੁਰਮੀਤ ਸਿੰਘ ਬਾਜਵਾ ਤੇ ਬਲਾਕ ਪ੍ਰਧਾਨ ਪਿ੍ਤਪਾਲ ਸਿੰਘ ਜੱਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਕਤ 'ਆਪ' ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੀ ਨਿਗਰਾਨੀ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ 'ਚ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਸ਼ਰਧਾਲੂਆਂ ਲਈ ਸਿਹਤ ਸਹੂਲਤਾਂ, ਵਾਹਨਾਂ ਦੀਆਂ ਮੁਫ਼ਤ ਪਾਰਕਿੰਗਾਂ ਦਾ ਪ੍ਰਬੰਧ, ਪਖਾਨਿਆਂ ਦਾ ਪ੍ਰਬੰਧ, ਦੂਸਰੇ ਸ਼ਹਿਰਾਂ 'ਚ ਜਾਣ ਲਈ ਬਦਲਵੇਂ ਰੂਟਾਂ ਦਾ ਪ੍ਰਬੰਧ ਤੇ ਰੈਣ ਬਸੇਰੇ ਆਦਿ ਮੁੱਖ ਹਨ | ਉਨ੍ਹਾਂ ਕਿਹਾ ਕਿ ਜੇਕਰ ਸ਼ਰਧਾਲੂਆਂ ਨੂੰ ਸ਼ਹੀਦੀ ਜੋੜ ਮੇਲ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਲਈ ਪ੍ਰਸ਼ਾਸਨ ਵਲੋਂ ਸ਼ਿਕਾਇਤ ਤੇ ਸੁਵਿਧਾ ਕੈਂਪ ਵੀ ਬਣਾਏ ਗਏ ਹਨ ਤਾਂ ਜੋ ਸੰਗਤਾਂ ਦੀ ਹਰ ਕਿਸਮ ਦੀ ਮਦਦ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਸ਼ਹੀਦੀ ਸਭਾ ਮੌਕੇ ਸ਼ਰਧਾਲੂਆਂ ਵਲੋਂ ਸੰਗਤਾਂ ਦੀ ਸਹੂਲਤ ਲਈ ਵੱਡੀ ਗਿਣਤੀ 'ਚ ਲੰਗਰ ਵੀ ਲਗਾਏ ਜਾ ਰਹੇ ਹਨ ਜੋ ਵੱਡਾ ਸ਼ਲਾਘਾਯੋਗ ਉਪਰਾਲਾ ਹੈ | ਉਨ੍ਹਾਂ ਲੰਗਰਾਂ ਦੇ ਸੇਵਾਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੰਗਰਾਂ 'ਚ ਲਾਊਡ ਸਪੀਕਰ ਵਗ਼ੈਰਾ ਨਾ ਵਜਾਉਣ ਤਾਂ ਜੋ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |