ਤਾਰਾਗੜ੍ਹ, 2 ਸਤੰਬਰ (ਸੋਹਨ ਲਾਲ)-ਭੋਆ ਖੇਤਰ ਦੇ ਆਖ਼ਰੀ ਪਿੰਡ ਅਦਾਲਤਗੜ੍ਹ 'ਚ, ਜੋ ਕਿ ਹੜ੍ਹ ਦੀ ਤ੍ਰਾਸਦੀ ਦਾ ਸਾਹਮਣਾ ਕਰ ਰਿਹਾ ਹੈ | ਭਾਜਪਾ ਤਾਰਾਗੜ੍ਹ ਮੰਡਲ ਦੇ ਪ੍ਰਧਾਨ ਸੰਜੀਵ ਜੱਗੀ ਨੇ ਇਕ ਬੇਸਹਾਰਾ ਔਰਤ ਸੁਦੇਸ਼ ਕੁਮਾਰੀ ਦੇ ਤਬਾਹ ਹੋਏ ਘਰ ਦਾ ਦੁੱਖ ਸਾਂਝਾ ਕੀਤਾ | ਸੰਜੀਵ ਜੱਗੀ ਨੇ ਪਿੰਡ ਦਾ ਦੌਰਾ ਕੀਤਾ ਤੇ ਲੋਕਾਂ ਦਾ ਹਾਲ-ਚਾਲ ਪੁੱਛਿਆ, ਪਰ ਇਸ ਦੌਰਾਨ ਸੁਦੇਸ਼ ਕੁਮਾਰੀ ਦੀ ਦਰਦਨਾਕ ਕਹਾਣੀ ਸੁਣ ਕੇ ਉਨ੍ਹਾਂ ਦਾ ਦਿਲ ਵੀ ਉਦਾਸ ਹੋ ਗਿਆ | ਇਸ ਦੌਰੇ ਦੌਰਾਨ ਭਾਜਪਾ ਸੁਜਾਨਪੁਰ ਮੰਡਲ ਦੇ ਜਨਰਲ ਸਕੱਤਰ, ਸੇਵਾ ਮੁਕਤ ਸੁਰੱਖਿਆ ਕਮਿਸ਼ਨਰ ਦਰਸ਼ਨ ਕੁਮਾਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ | ਉਨ੍ਹਾਂ ਪੀੜਤ ਨੂੰ ਭਰੋਸਾ ਦਿੱਤਾ ਕਿ ਉਹ ਹੜ੍ਹ ਪੀੜਤਾਂ ਲਈ ਭਾਰਤ ਸਰਕਾਰ ਵਲੋਂ ਜਾਰੀ ਕੀਤੀ ਜਾਣ ਵਾਲੀ ਕਿਸੇ ਵੀ ਸਹਾਇਤਾ 'ਚ ਉਨ੍ਹਾਂ ਦੀ ਜ਼ਰੂਰ ਮਦਦ ਕਰਨਗੇ | ਪੀੜਤ ਸੁਦੇਸ਼ ਕੁਮਾਰੀ ਨੇ ਆਪਣਾ ਦੁੱਖ ਦੱਸਦੇ ਹੋਏ ਕਿਹਾ ਕਿ ਉਸ ਦੇ ਪਤੀ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ ਤੇ ਹੁਣ ਉਹ ਆਪਣੇ ਜਵਾਨ ਪੁੱਤਰ ਨੂੰ ਵੀ ਗੁਆ ਚੁੱਕੀ ਹੈ | ਉਸ ਦੀ ਨੂੰ ਹ ਵੀ ਹੁਣ ਉਸ ਦੇ ਨਾਲ ਨਹੀਂ ਰਹਿੰਦੀ | ਉਹ ਪਹਿਲਾਂ ਆਪਣੇ ਪੁਰਾਣੇ ਘਰ 'ਚ ਬਿਲਕੁਲ ਇਕੱਲੀ ਰਹਿੰਦੀ ਸੀ, ਪਰ ਹਾਲ ਹੀ ਵਿਚ ਹੋਈ ਭਾਰੀ ਮੀਂਹ ਤੇ ਹੜ੍ਹਾਂ ਨੇ ਉਸ ਤੋਂ ਉਹ ਇਕੋ-ਇਕ ਸਹਾਰਾ ਖੋਹ ਲਿਆ | ਉਸ ਦਾ ਕੱਚਾ ਘਰ ਪੂਰੀ ਤਰ੍ਹਾਂ ਵਹਿ ਗਿਆ ਸੀ, ਜਿਸ ਕਾਰਨ ਉਹ ਬੇਘਰ ਹੋ ਗਈ | ਉਸ ਨੇ ਕਿਹਾ ਕਿ ਹੁਣ ਉਸ ਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ | ਸੁਦੇਸ਼ ਕੁਮਾਰੀ ਦੀ ਗੱਲ ਸੁਣਨ ਤੋਂ ਬਾਅਦ ਸੰਜੀਵ ਜੱਗੀ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਭਰੋਸਾ ਦਿੱਤਾ ਕਿ ਉਹ ਇਸ ਮੁਸ਼ਕਿਲ ਸਮੇਂ ਵਿਚ ਇਕੱਲੀ ਨਹੀਂ ਹੈ | ਉਸ ਨੇ ਤੁਰੰਤ ਭਾਜਪਾ ਹਾਈਕਮਾਂਡ ਨੂੰ ਇਸ ਸਥਿਤੀ ਬਾਰੇ ਸੂਚਿਤ ਕਰਨ ਦਾ ਵਾਅਦਾ ਕੀਤਾ ਤੇ ਕਿਹਾ ਕਿ ਉਹ ਸੁਦੇਸ਼ ਕੁਮਾਰੀ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਤਹਿਤ ਘਰ ਬਣਾਉਣ ਲਈ ਵਿੱਤੀ ਮਦਦ ਪ੍ਰਾਪਤ ਕਰਨਗੇ | ਮੰਡਲ ਪ੍ਰਧਾਨ ਸੰਜੀਵ ਸਿੰਘ ਜੱਗੀ ਨੇ ਕਿਹਾ ਕਿ ਸਾਡੀ ਸਰਕਾਰ ਅਤੇ ਪਾਰਟੀ ਦਾ ਫ਼ਰਜ਼ ਹੈ ਕਿ ਉਹ ਹਰ ਲੋੜਵੰਦ ਅਤੇ ਬੇਸਹਾਰਾ ਵਿਅਕਤੀ ਦੇ ਨਾਲ ਖੜ੍ਹੇ ਹੋਣ | ਇਸ ਮੌਕੇ ਸੰਜੀਵ ਕੁਮਾਰ ਸੰਜੂ, ਸੱਜਣ ਸਿੰਘ, ਵਿੱਕੀ ਫੂਲਪੁਰ, ਐਡਵੋਕੇਟ ਸੰਦੀਪ ਸਦਮਲ, ਸੇਵਾ ਮੁਕਤ ਐਸ.ਡੀ.ਓ. ਸੋਮ ਰਾਜ, ਜ਼ੋਨ ਇੰਚਾਰਜ ਪਰਮਜੀਤ ਕੁਮਾਰ ਆਦਿ ਮੌਜੂਦ ਸਨ |