ਸ੍ਰੀ ਹਰਗੋਬਿੰਦਪੁਰ, 23 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਗੋਬਿੰਦਪੁਰ ਵਿਖੇ ਸਥਿਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਫ਼ਤਹਿ ਦਿਵਸ ਮਨਾਉਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਦਮਦਮਾ ਸਾਹਿਬ ਜੀ ਦੇ ਰਸੀਵਰ ਗੁਰਮੇਜ ਸਿੰਘ ਚੀਮਾ ਮਚਰਾਏ ਨੇ ਕੀਤਾ | ਉਨ੍ਹਾਂ ਕਿਹਾ ਕਿ ਇਸ ਨਗਰ ਵਿਚ ਛੇਵੇਂ ਪਾਤਸ਼ਾਹ ਵਲੋਂ ਜਿੱਤੀ ਗਈ ਦੂਸਰੀ ਜੰਗ ਦੀ ਖੁਸ਼ੀ ਵਿਚ ਸਾਲਾਨਾ 2 ਰੋਜ਼ਾ ਧਾਰਮਿਕ ਸਮਾਗਮ 26 ਤੇ 27 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 26 ਸਤੰਬਰ ਨੂੰ ਗੁਰਦੁਆਰਾ ਦਮਦਮਾ ਸਾਹਿਬ ਤੋਂ ਸਵੇਰੇ ਅਲੌਕਿਕ ਨਗਰ ਕੀਰਤਨ 5 ਪਿਆਰਿਆਂ ਸਾਹਿਬਾਨਾਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਜਾਵੇਗਾ, ਜੋ ਕਿ ਸ਼ਾਮ ਨੂੰ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਨਿੱਜੀ ਸਥਾਨ 'ਤੇ ਪਹੁੰਚ ਕੇ ਸਮਾਪਤ ਹੋਵੇਗਾ | 27 ਸਤੰਬਰ ਨੂੰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸਵੇਰੇ 11 ਵਜੇ ਅੰਮਿ੍ਤ ਸੰਚਾਰ ਹੋਵੇਗਾ, ਜਿਸ 'ਚ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ ਤੇ ਸ਼ਾਮ 7:00 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਧਾਰਮਿਕ ਸਮਾਗਮ ਹੋਵੇਗਾ, ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕੀਰਤਨੀਏ ਤੇ ਕਥਾਵਾਚਕ ਜਥੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ | ਇਸ ਮੌਕੇ ਹੈੱਡ ਗ੍ਰੰਥੀ ਭਾਈ ਸਤਿੰਦਰਪਾਲ ਸਿੰਘ, ਖ਼ਜਾਨਚੀ ਮਲਕੀਤ ਸਿੰਘ ਭੱਟੀ, ਨਰਿੰਦਰ ਸਿੰਘ ਗੋਰਾ, ਹਰਪ੍ਰੀਤ ਸਿੰਘ ਖੁਜਾਲਾ ਆਦਿ ਹਾਜ਼ਰ ਸਨ |