ਡੇਰਾ ਬਾਬਾ ਨਾਨਕ, 23 ਸਤੰਬਰ (ਵਿਜੇ ਸ਼ਰਮਾ)-ਪਿਛਲੇ ਦਿਨੀਂ ਰਾਵੀ ਦਰਿਆ ਅੰਦਰ ਆਏ ਹੜ੍ਹ ਨੇ ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਆਮ ਲੋਕਾਂ ਦੇ ਨਾਲ-ਨਾਲ ਮਾਲ-ਡੰਗਰ ਦਾ ਭਾਰੀ ਨੁਕਸਾਨ ਕੀਤਾ ਹੈ | ਹੜ੍ਹ ਦੌਰਾਨ ਜਿਥੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਬਰਬਾਦ ਹੋ ਗਈਆਂ ਹਨ, ਉਥੇ ਗਰੀਬ ਕਿਸਾਨਾਂ ਦੀਆਂ ਗਾਵਾਂ, ਮੱਝਾਂ ਵੀ ਹੜ੍ਹ ਦੇ ਪਾਣੀ ਦੀ ਭੇਟ ਚੜ੍ਹ ਗਈਆਂ | ਅਜਿਹੇ ਹਲਾਤਾਂ ਵਿੱਚ ਪੰਜਾਬੀ ਖੇਤਰ ਦੇ ਨਾਮਵਰ ਗਾਇਕ ਗੈਰੀ ਸੰਧੂ ਨੇ 'ਮਾਂ ਧਰਤੀ ਦੇ ਵਾਰਿਸ' ਸੰਸਥਾ ਦੇ ਬੈਨਰ ਹੇਠ ਉਨ੍ਹਾਂ ਹੜ੍ਹ ਪੀੜਤ ਕਿਸਾਨਾਂ ਨੂੰ 10 ਮੱਝਾਂ ਭੇਟ ਕੀਤੀਆਂ, ਜਿਨ੍ਹਾਂ ਦੇ ਪਸ਼ੂ ਹੜ੍ਹ ਦੌਰਾਨ ਜਾਂ ਤਾਂ ਕਿੱਲਿਆਂ ਨਾਲ ਬੱਝੇ ਹੀ ਮਰ ਗਏ ਜਾਂ ਫਿਰ ਹੜ੍ਹ ਦੇ ਪਾਣੀ 'ਚ ਰੁੜ੍ਹ ਗਏ | ਸਥਾਨਕ ਦਾਣਾ ਮੰਡੀ ਵਿਖੇ ਪਿੰਡ ਘਣੀਏ ਕੇ ਬੇਟ ਤੇ ਅਬਾਦੀ ਚੰਡੀਗੜ੍ਹ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਮੱਝਾਂ ਭੇਟ ਕਰਦਿਆਂ ਸੰਸਥਾ ਦੇ ਮੈਂਬਰ ਤੇ ਕਬੱਡੀ ਖੇਡ ਪ੍ਰਮੋਟਰ ਟੋਨੀ ਸੰਧੂ ਨੇ ਕਿਹਾ ਕਿ ਰਾਵੀ ਦਰਿਆ ਅੰਦਰ ਆਏ ਹੜ੍ਹ ਦੇ ਪਾਣੀ ਨੇ ਜਿਥੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ, ਉਥ ਸਰਹੱਦੀ ਪਿੰਡਾਂ ਅੰਦਰ ਰਹਿੰਦੇ ਹਜ਼ਾਰਾਂ ਪਰਿਵਾਰ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੀ ਮਦਦ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਦੇਸ਼-ਵਿਦੇਸ਼ ਅੰਦਰ ਰਹਿੰਦੇ ਪੰਜਾਬੀ ਵੀਰਾਂ ਵਲੋਂ ਵੀ ਮੁੜ ਵਸੇਬੇ ਲਈ ਜ਼ਰੂਰੀ ਵਸਤਾਂ ਅਤੇ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬੀ ਖੇਤਰ ਦੇ ਨਾਮਵਰ ਗਾਇਕ ਗੈਰੀ ਸੰਧੂ ਵਲੋਂ ਸਾਥੀ ਵੀਰਾਂ ਨੂੰ ਸੇਵਾ ਲਾਈ ਗਈ ਸੀ ਕਿ ਹੜ੍ਹ ਦੌਰਾਨ ਜਿਨ੍ਹਾਂ ਕਿਸਾਨਾਂ ਦੇ ਦੁਧਾਰੂ ਪਸ਼ੂ ਮਾਰੇ ਗਏ ਸਨ ਜਾਂ ਪਾਣੀ ਦੀ ਭੇਟ ਚੜ੍ਹ ਗਏ ਸਨ, ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਮੱਝਾਂ ਭੇਟ ਕੀਤੀਆਂ ਜਾਣ ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ | ਉਨ੍ਹਾਂ ਦੱਸਿਆ ਕਿ ਅੱਜ ਪਿੰਡ ਘਣੀਏ ਕੇ ਬੇਟ ਤੇ ਅਬਾਦੀ ਚੰਡੀਗੜ੍ਹ ਦੇ 10 ਹੜ੍ਹ ਪੀੜਤ ਕਿਸਾਨਾਂ ਨੂੰ ਮੱਝਾਂ ਭੇਟ ਕੀਤੀਆਂ ਗਈਆਂ ਹਨ | ਟੋਨੀ ਸੰਧੂ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨਾਲ ਵੱਡੇ ਪੱਧਰ 'ਤੇ ਹੋਏ ਨੁਕਸਾਨ ਦੀ ਪੁੂਰਤੀ ਤਾਂ ਨਹੀਂ ਕੀਤੀ ਜਾ ਸਕਦੀ, ਪਰ ਪੰਜਾਬੀ ਵੀਰਾਂ ਵਲੋਂ ਹੜ੍ਹ ਪੀੜਤ ਪਰਿਵਾਰਾਂ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਉਨ੍ਹਾਂ ਦੇ ਜਖਮਾਂ 'ਤੇ ਮਲ੍ਹਮ ਲਾਉਣ ਦਾ ਕੰਮ ਜ਼ਰੂਰ ਕਰਨਗੀਆਂ |