ਤਿੱਬੜ, 2 ਨਵੰਬਰ (ਭੁਪਿੰਦਰ ਸਿੰਘ ਬੋਪਾਰਾਏ)-ਸੜਕਾਂ 'ਤੇ ਤੇਜ਼ ਰਫਤਾਰ ਦੌੜ ਰਹੇ ਟਿੱਪਰ ਲੋਕਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਸੜਕਾਂ 'ਤੇ ਬਿਨਾਂ ਨੰਬਰ ਪਲੇਟ ਵਾਲੀਆਂ ਤੇਜ਼ ਰਫਤਾਰ ਟਿੱਪਰਾਂ ਦਿਨ ਰਾਤ ਹਾਦਸਿਆਂ ਦਾ ਖ਼ਤਰਾ ਵਧਾ ਰਹੇ ਹਨ | ਜਿਸ ਨਾਲ ਸੜਕਾਂ 'ਤੇ ਸਫਰ ਕਰਨ ਵਾਲੇ ਲੋਕਾਂ ਲਈ ਮੁਸ਼ਕਿਲ ਪੈਦਾ ਹੋ ਰਹੀ ਹੈ | ਇਨ੍ਹਾਂ ਵਲੋਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਟਰਾਂਸਪੋਰਟ ਵਿਭਾਗ ਅਤੇ ਟਰੈਫ਼ਿਕ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ | ਜਿਸ ਦਾ ਫਾਇਦਾ ਟਿੱਪਰ ਚਾਲਕ ਲੈ ਰਹੇ ਹਨ | ਜ਼ਿਕਰਯੋਗ ਹੈ ਕਿ ਟਿੱਪਰ ਚਾਲਕ ਰੇਤ ਅਤੇ ਬੱਜਰੀ ਦੀ ਜ਼ਿਆਦਾ ਢੋਆ ਢੁਆਈ ਕਰਦੇ ਹਨ ਜੋ ਜ਼ਿਆਦਾਤਰ ਓਵਰਲੋਡ ਹੀ ਹੁੰਦੇ ਹਨ | ਰਾਤ ਸਮੇਂ ਚੈਕਿੰਗ ਤੋਂ ਬਚਣ ਲਈ ਉਹ ਵਾਹਨਾਂ ਨੰੂ ਤੇਜ਼ ਰਫਤਾਰ ਨਾਲ ਚਲਾਉਂਦੇ ਹਨ ਤਾਂ ਜੋ ਦਿਨ ਚੜ੍ਹਦੇ ਨੰੂ ਆਪਣੇ ਟਿਕਾਣੇ 'ਤੇ ਪੁੱਜ ਸਕਣ | ਪਰ ਇੱਥੇ ਕੀਤੀ ਕਾਹਲੀ ਹੀ ਹਾਦਸੇ ਦਾ ਕਾਰਨ ਬਣਦੀ ਹੈ | ਹੈਰਾਨੀ ਦੀ ਗੱਲ ਹੈ ਕਿ ਗੁਰਦਾਸਪੁਰ ਬਾਈਪਾਸ ਤੋਂ ਗੁਜ਼ਰਨ ਵਾਲੀਆਂ ਬਹੁਤੀਆਂ ਟਿੱਪਰਾਂ 'ਤੇ ਪਿਛਲੇ ਪਾਸੇ ਨੰਬਰ ਪਲੇਟ ਹੀ ਨਹੀਂ ਲਗਾਈ ਹੁੰਦੀ ਅਤੇ ਪਿਛਲੇ ਪਾਸੇ ਬਹੁਤ ਤੇਜ਼ ਲਾਈਟਾਂ ਲਗਾਈਆਂ ਹੁੰਦੀਆਂ ਹਨ ਤਾਂ ਜੋ ਨੰਬਰ ਨਾ ਪੜਿਆ ਜਾ ਸਕੇ ਅਤੇ ਉਹ ਹਾਦਸਾ ਕਰਕੇ ਆਸਾਨੀ ਨਾਲ ਨਿਕਲ ਸਕਣ | ਹੜ੍ਹਾਂ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਵਿਚੋਂ ਰੇਤ ਨਿਕਲਣ ਦੇ ਬਾਅਦ ਇਸ ਤਰ੍ਹਾਂ ਦੇ ਵਾਹਨਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ | ਸਮਾਜ ਸੇਵੀ ਆਗੂਆਂ ਕਿਹਾ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ | ਜੇਕਰ ਕਰਦੀ ਹੈ ਤਾਂ ਰੇਤ ਮਾਫ਼ੀਆ ਦੇ ਆਗੂਆਂ ਵਲੋਂ ਵੱਡੇ ਅਫਸਰਾਂ ਨੰੂ ਫੋਨ ਕਰਨ ਤੋਂ ਬਾਅਦ ਇਨ੍ਹਾਂ ਨੰੂ ਛੱਡ ਦਿੱਤਾ ਜਾਂਦਾ ਹੈ | ਜਿਸ ਕਾਰਨ ਇਨ੍ਹਾਂ 'ਤੇ ਕਾਰਵਾਈ ਲਈ ਸਖ਼ਤ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ, ਤਾਂ ਜੋ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਣਦੀ ਕਾਨੰੂਨੀ ਕਾਰਵਾਈ ਕੀਤੀ ਜਾ ਸਕੇ | ਸੜਕ 'ਤੇ ਜਾ ਰਿਹਾ ਬਿਨਾਂ ਨੰਬਰੀ ਟਿੱਪਰ ਜਿਸ ਦੇ ਪਿਛਲੇ ਪਾਸੇ ਤੇਜ਼ ਰੌਸ਼ਨੀ ਵਾਲੀਆਂ ਲਾਈਟਾਂ ਲੱਗੀਆਂ ਹੋਈਆਂ | ਤਸਵੀਰ: ਬੋਪਾਰਾਏ