ਪਠਾਨਕੋਟ, 2 ਨਵੰਬਰ (ਸੰਧੂ)-ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਐਸੋਸੀਏਸ਼ਨ ਪਠਾਨਕੋਟ ਦੇ ਪ੍ਰਧਾਨ ਰਾਜੇਸ਼ ਪਠਾਨੀਆ ਅਤੇ ਜਨਰਲ ਸਕੱਤਰ ਸੁਸ਼ੀਲ ਠਾਕੁਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ-1967 ਨੇ ਸਰਪ੍ਰਸਤ ਗੁਰਚਰਨ ਸਿੰਘ ਚਾਹਲ ਤੇ ਐਨ.ਐਨ. ਸੈਣੀ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਸੂਬਾ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਦੀ ਯੋਗ ਅਗਵਾਈ ਹੇਠ ਤਰਨਤਾਰਨ ਦੀ ਪਵਿੱਤਰ ਧਰਤੀ 'ਤੇ ਗਾਂਧੀ ਪਾਰਕ ਵਿਖੇ ਇਕ ਵਿਸ਼ਾਲ ਰੋਸ ਰੈਲੀ ਦਾ ਆਯੋਜਨ ਕੀਤਾ | ਰੈਲੀ ਵਿਚ ਮੰਗ ਕੀਤੀ ਗਈ ਕਿ ਸੂਬਾ ਸਰਕਾਰ ਸਾਰੇ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਗ੍ਰਾਂਟ-ਇਨ-ਏਡ ਵਜੋਂ ਪਿਛਲੇ ਅੱਠ ਮਹੀਨਿਆਂ ਤੋਂ ਰੋਕੀਆਂ ਗਈਆਂ ਤਨਖ਼ਾਹਾਂ ਤੁਰੰਤ ਜਾਰੀ ਕਰੇ ਅਤੇ ਵਿੱਤ ਵਿਭਾਗ ਸਹਾਇਤਾ ਪ੍ਰਾਪਤ ਸਕੂਲ ਪ੍ਰਬੰਧਨ ਕਮੇਟੀਆਂ ਦੇ ਖਾਤਿਆਂ ਦੇ ਬੇਲੋੜੇ ਆਡਿਟ ਨੂੰ ਵਾਪਸ ਲਵੇ | ਰੈਲੀ ਵਿਚ ਪੰਜਾਬ ਭਰ ਦੇ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਕੰਮ ਕਰਦੇ ਹਜ਼ਾਰਾਂ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੇ ਨਾਲ-ਨਾਲ ਹਜ਼ਾਰਾਂ ਸੇਵਾ ਮੁਕਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਹਿੱਸਾ ਲਿਆ | ਪਠਾਨਕੋਟ ਜ਼ਿਲ੍ਹੇ ਦੇ ਸਾਰੇ ਸਹਾਇਤਾ ਪ੍ਰਾਪਤ ਕਰਮਚਾਰੀਆਂ ਨੇ ਵੀ ਹਿੱਸਾ ਲਿਆ | ਪਠਾਨਕੋਟ ਰਿਟਾਇਰਡ ਏਡਿਡ ਸਕੂਲ ਯੂਨੀਅਨ ਦੇ ਪ੍ਰਧਾਨ ਨਰਿੰਦਰ ਸ਼ਰਮਾ, ਸੇਵਾ ਮੁਕਤ ਪਿ੍ੰਸੀਪਲ ਚਰਨਜੀਤ ਸਿੰਘ, ਸੇਵਾ ਮੁਕਤ ਪਿ੍ੰਸੀਪਲ ਰਾਕੇਸ਼ ਸ਼ਰਮਾ, ਰਵਿੰਦਰ ਗੁਪਤਾ ਅਤੇ ਹੋਰ ਮੈਂਬਰਾਂ ਨੇ ਵੀ ਹਿੱਸਾ ਲਿਆ | ਸੂਬਾ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀਆਂ ਸਹਾਇਤਾ ਪ੍ਰਾਪਤ ਸਕੂਲਾਂ ਪ੍ਰਤੀ ਨੀਤੀਆਂ ਨੇ ਸੂਬੇ ਵਿਚ ਵਿਆਪਕ ਰੋਸ ਪੈਦਾ ਕੀਤਾ ਹੈ ਜਿਸ ਦੇ ਚੱਲਦੇ ਗਾਂਧੀ ਨਗਰ ਵਿਚ ਆਮ ਆਦਮੀ ਪਾਰਟੀ ਦੇ ਦਫ਼ਤਰ ਵੱਲ ਇਕ ਵਿਸ਼ਾਲ ਰੋਸ ਮਾਰਚ ਕੱਢਿਆ | 7 ਨਵੰਬਰ ਨੂੰ ਤਰਨਤਾਰਨ ਵਿਚ 'ਜੇਲ੍ਹ ਭਰੋ' ਅੰਦੋਲਨ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਹਜ਼ਾਰਾਂ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ, ਕਰਮਚਾਰੀ ਅਤੇ ਪੈਨਸ਼ਨਰ ਗਿ੍ਫ਼ਤਾਰੀ ਦੇਣਗੇ | ਇਸ ਮੌਕੇ ਪਿ੍ੰਸੀਪਲ ਮਧੂ ਸਲਾਰੀਆ, ਪਿ੍ੰਸੀਪਲ ਰਜਨੀ ਮਲਹੋਤਰਾ, ਪਿ੍ੰਸੀਪਲ ਸੰਦੀਪ, ਪਿ੍ੰਸੀਪਲ ਅਮਰਜੀਤ ਸੰਧੂ, ਪਿ੍ੰਸੀਪਲ ਮਨਜੀਤ ਮੱਲ, ਪਿ੍ੰਸੀਪਲ ਜੋਤੀ, ਪਿ੍ੰਸੀਪਲ ਨਰਿੰਦਰ ਸਿੰਘ ਅਤੇ ਪਿ੍ੰਸੀਪਲ ਰਿੰਪੀ ਮੌਜੂਦ ਸਨ |