ਘਰੋਟਾ, 2 ਨਵੰਬਰ (ਸੰਜੀਵ ਗੁਪਤਾ)-ਸਮਾਜ ਸੇਵੀ ਤੇ ਉੱਘੇ ਬਿਜ਼ਨਸਮੈਨ ਰਜਨੀਸ਼ ਕੁਮਾਰ ਬੱਬਲੂ ਨੇ ਕਿਹਾ ਕਿ ਸਾਨੂੰ ਆਪਣੇ ਜਨਮ ਦਿਨਾਂ ਨੂੰ ਸਿਰਫ਼ ਖ਼ੁਸ਼ੀ ਦੇ ਤੌਰ 'ਤੇ ਨਹੀਂ, ਸਗੋਂ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਦਿਨ ਵਜੋਂ ਮਨਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਤੇ ਗਲੋਬਲ ਵਾਰਮਿੰਗ ਵੱਧ ਰਹੀ ਹੈ, ਜਿਸ ਨਾਲ ਮਨੁੱਖਤਾ ਲਈ ਗੰਭੀਰ ਚੁਨੌਤੀਆਂ ਖੜੀਆਂ ਹੋ ਰਹੀਆਂ ਹਨ | ਬੱਬਲੂ ਨੇ ਕਿਹਾ ਕਿ ਜੇ ਹਰ ਵਿਅਕਤੀ ਆਪਣਾ ਜਨਮ ਦਿਨ ਰੁੱਖ ਲਗਾ ਕੇ, ਸਫ਼ਾਈ ਅਭਿਆਨ ਚਲਾ ਕੇ ਜਾਂ ਪਲਾਸਟਿਕ-ਮੁਕਤ ਜ਼ਿੰਦਗੀ ਅਪਣਾ ਕੇ ਮਨਾਵੇ ਤਾਂ ਵਾਤਾਵਰਨ ਬਚਾਉਣ ਲਈ ਵੱਡਾ ਯੋਗਦਾਨ ਪੈਦਾ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਅਕਸਰ ਵਾਤਾਵਰਨ ਦੀ ਗੱਲ ਤਾਂ ਕਰਦੇ ਹਾਂ, ਪਰ ਅਮਲ ਘੱਟ ਹੁੰਦਾ ਹੈ | ਹੁਣ ਸਮਾਂ ਆ ਗਿਆ ਹੈ ਕਿ ਬੋਲਾਂ ਤੋਂ ਵੱਧ ਕੰਮ ਕੀਤਾ ਜਾਵੇ | ਰਜਨੀਸ਼ ਕੁਮਾਰ ਬੱਬਲੂ ਨੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਕਿਹਾ 'ਧਰਤੀ ਸਾਡਾ ਘਰ ਹੈ, ਇਸ ਨੂੰ ਸਾਫ਼, ਹਰਾ ਤੇ ਸੁੰਦਰ ਰੱਖਣਾ ਸਾਡਾ ਫ਼ਰਜ਼ ਵੀ ਹੈ ਤੇ ਫ਼ਖ਼ਰ ਵੀ | ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਜਨਮ ਦਿਨ ਮੌਕੇ ਰੁੱਖ ਲਗਾ ਕੇ ਅਤੇ ਸਫ਼ਾਈ ਮੁਹਿੰਮ ਚਲਾ ਕੇ ਵਾਤਾਵਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਨਿਭਾਉਣਗੇ ਤੇ ਹੋਰਾਂ ਨੂੰ ਵੀ ਇਸ ਰਾਹ 'ਤੇ ਤੁਰਨ ਲਈ ਪ੍ਰੇਰਿਤ ਕਰਨਗੇ |