ਨਰੋਟ ਮਹਿਰਾ, 18 ਦਸੰਬਰ (ਰਾਜ ਕੁਮਾਰੀ)- ਹਲਕਾ ਭੋਆ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਵੱਡੀ ਜਿੱਤ ਦਰਜ ਕੀਤੀ ਹੈ | ਹਲਕੇ ਦੇ ਕੁੱਲ 5 ਜ਼ੋਨਾਂ ਤੇ 48 ਬਲਾਕਾਂ ਵਿਚ ਪਾਰਟੀ ਦੇ ਉਮੀਦਵਾਰਾਂ ਨੇ ਵਿਰੋਧੀ ਪੱਖਾਂ ਨੂੰ ਪੂਰੀ ਤਰ੍ਹਾਂ ਪਿੱਛੇ ਛੱਡਦਿਆਂ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਵਿਚ ਕਲੀਨ ਸਵੀਪ ਤੇ ਬਲਾਕ ਸੰਮਤੀ ਦੇ 48 ਵਿਚੋਂ 32 ਉਮੀਦਵਾਰਾਂ ਦੀ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਜਿਸ ਨਾਲ ਹਲਕਾ ਭੋਆ ਇਕ ਵਾਰ ਫਿਰ ਸੂਬੇ ਦੀ ਸਿਆਸਤ ਵਿਚ ਚਰਚਾ ਦਾ ਕੇਂਦਰ ਬਣ ਗਿਆ ਹੈ | ਇਨ੍ਹਾਂ ਸਾਰੇ ਜੇਤੂ ਉਮੀਦਵਾਰਾਂ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਆਪਣੇ ਨਿਵਾਸ ਸਥਾਨ ਪਿੰਡ ਕਟਾਰੂਚੱਕ ਵਿਖੇ ਇਕ ਵਿਸ਼ਾਲ ਸਮਾਗਮ ਦੌਰਾਨ ਸਰਟੀਫਿਕੇਟ ਤੇ ਸਨਮਾਨ ਪੱਤਰ ਦੁਆਰਾ ਨਿਵਾਜਿਆ ਗਿਆ | ਇਸ ਦੌਰਾਨ ਇਸ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਾਰਟੀ ਸਮਰਥਕ ਮੌਜੂਦ ਸਨ ਜਿਨ੍ਹਾਂ ਨੇ ਮੰਤਰੀ ਕਟਾਰੂਚੱਕ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਮਾਹੌਲ ਬਣਾ ਦਿੱਤਾ | ਉਮੀਦਵਾਰਾਂ ਵਲੋਂ ਮੰਤਰੀ ਕਟਾਰੂਚੱਕ ਨੂੰ ਫੁੱਲਾਂ ਤੇ ਨੋਟਾਂ ਦੇ ਹਾਰ ਪਹਿਨਾ ਕੇ ਨਿਵਾਜਿਆ ਗਿਆ | ਮੰਤਰੀ ਕਟਾਰੂਚੱਕ ਨੇ ਇਹ ਵੀ ਸੰਕੇਤ ਦਿੱਤੇ ਕਿ ਅਗਲਾ ਵੱਡਾ ਟੀਚਾ ਨਗਰ ਨਿਗਮ ਚੋਣਾਂ ਹਨ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਇਹ ਸਾਫ਼ ਦੱਸ ਰਹੇ ਹਨ ਕਿ ਲੋਕ ਨਗਰ ਨਿਗਮ 'ਚ ਵੀ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ਲਈ ਤਿਆਰ ਹਨ |