ਪਠਾਨਕੋਟ, 18 ਦਸੰਬਰ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ ਦਾ ਸਿਹਰਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਜਾਂਦਾ ਹੈ | ਇਹ ਗੱਲ ਆਮ ਆਦਮੀ ਪਾਰਟੀ ਦੇ ਆਗੂ ਸਤੀਸ਼ ਮਹਿੰਦਰੂ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਹੀ | ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਜੋ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿਚ ਖੜ੍ਹੇ ਰਹਿੰਦੇ ਹਨ | ਉਨ੍ਹਾਂ ਦੀ ਸਾਫ਼-ਸੁਥਰੀ ਛਵੀ, ਇਮਾਨਦਾਰ ਸੋਚ ਤੇ ਲੋਕ-ਹਿਤੈਸ਼ੀ ਨੀਤੀਆਂ ਕਰਕੇ ਹੀ ਪਾਰਟੀ ਨੂੰ ਪਿੰਡ ਪੱਧਰ 'ਤੇ ਭਰਪੂਰ ਸਮਰਥਨ ਮਿਲਿਆ ਹੈ | ਸਤੀਸ਼ ਮਹਿੰਦਰੂ ਨੇ ਕਿਹਾ ਕਿ ਮੰਤਰੀ ਕਟਾਰੂਚੱਕ ਨੇ ਜ਼ਿਲੇ੍ਹ ਦੇ ਹਰ ਪਿੰਡ ਤੇ ਹਰ ਵਰਗ ਨਾਲ ਸਿੱਧਾ ਸੰਪਰਕ ਬਣਾਇਆ, ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਉਨ੍ਹਾਂ ਦੇ ਹੱਲ ਲਈ ਪ੍ਰਸ਼ਾਸਨਿਕ ਪੱਧਰ 'ਤੇ ਪ੍ਰਭਾਵਸ਼ਾਲੀ ਕਦਮ ਚੁੱਕੇ | ਇਸ ਦਾ ਨਤੀਜਾ ਇਹ ਨਿਕਲਿਆ ਕਿ ਲੋਕਾਂ ਨੇ ਆਮ ਆਦਮੀ ਪਾਰਟੀ 'ਤੇ ਪੂਰਾ ਭਰੋਸਾ ਜਤਾਇਆ | ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਇਕ ਚੋਣੀ ਸਫਲਤਾ ਨਹੀਂ, ਸਗੋਂ ਲੋਕਾਂ ਦੇ ਭਰੋਸੇ ਦੀ ਜਿੱਤ ਹੈ | ਆਉਣ ਵਾਲੇ ਸਮੇਂ 'ਚ ਵੀ ਆਮ ਆਦਮੀ ਪਾਰਟੀ ਪਿੰਡਾਂ ਦੇ ਵਿਕਾਸ, ਪਾਰਦਰਸ਼ੀ ਪ੍ਰਸ਼ਾਸਨ ਤੇ ਲੋਕ-ਹਿਤ ਨੀਤੀਆਂ ਨਾਲ ਜ਼ਿਲ੍ਹਾ ਪਠਾਨਕੋਟ ਨੂੰ ਵਿਕਾਸ ਦੇ ਨਵੇਂ ਮੋੜ 'ਤੇ ਲੈ ਕੇ ਜਾਵੇਗੀ | ਸਤੀਸ਼ ਮਹਿੰਦਰੂ ਨੇ ਸਾਰੇ ਜੇਤੂ ਉਮੀਦਵਾਰਾਂ, ਪਾਰਟੀ ਵਰਕਰਾਂ ਤੇ ਜ਼ਿਲ੍ਹਾ ਪਠਾਨਕੋਟ ਦੀ ਜਨਤਾ ਦਾ ਧੰਨਵਾਦ ਕੀਤਾ |