ਗੁਰਦਾਸਪੁਰ, 22 ਦਸੰਬਰ (ਚੱਕਰਾਜਾ)- ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਵਿਖੇ ਰਾਸ਼ਟਰੀ ਗਣਿਤ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ | ਬੱਚਿਆਂ ਨੇ ਭਾਸ਼ਣਾਂ ਤੇ ਕਵਿਤਾਵਾਂ ਰਾਹੀਂ ਦੱਸਿਆ ਕਿ ਰਾਸ਼ਟਰੀ ਗਣਿਤ ਦਿਵਸ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਤੇ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਗਣਿਤ ਸ਼ਾਸਤਰੀ ਸ੍ਰੀ ਨਿਵਾਸ ਰਾਮਾਨੁਜਨ ਦੀ ਜਨਮ ਵਰ੍ਹੇਗੰਢ ਦੀ ਯਾਦ ਦਿਵਾਉਂਦਾ ਹੈ | ਇਸ ਮੌਕੇ ਵਿਦਿਆਰਥੀਆਂ ਦੀ ਗਣਿਤ ਵਿਚ ਦਿਲਚਸਪੀ ਵਧਾਉਣ ਅਤੇ ਤਰਕਸ਼ੀਲ ਤਰਕ ਯੋਗਤਾਵਾਂ ਨੂੰ ਵਿਕਸਤ ਕਰਨ ਲਈ ਕਈ ਦਿਲਚਸਪ ਤੇ ਜਾਣਕਾਰੀ ਭਰਪੂਰ ਮੁਕਾਬਲੇ ਕਰਵਾਏ ਗਏ | ਇਸ ਤੋਂ ਇਲਾਵਾ ਗਣਿਤ ਰਿਲੇਅ ਦੌੜ, ਮੈਥਬੋਲਾ ਤੇ ਪੋਸਟਰ ਮੇਕਿੰਗ ਵਰਗੇ ਮੁਕਾਬਲੇ ਵੀ ਕਰਵਾਏ ਗਏ ਜਿੱਥੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਮੁਕਾਬਲਿਆਂ ਵਿਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਰਾਜੀਵ ਭਾਰਤੀ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ |