ਕੋਟਲੀ ਸੂਰਤ ਮੱਲ੍ਹੀ, 23 ਦਸੰਬਰ (ਕੁਲਦੀਪ ਸਿੰਘ ਨਾਗਰਾ)-ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਜਿੱਥੇ ਲੋਕਾਂ ਨੂੰ ਘਰਾਂ ਲਈ ਮੁਫ਼ਤ ਬਿਜਲੀ ਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਸਾਰੀਆਂ ਸੁੱਖ-ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆ ਹਨ, ਉਥੇ ਸੂਬੇ ਅੰਦਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਸੱਬਾ, ਸਰਪੰਚ ਲਖਵਿੰਦਰ ਸਿੰਘ ਬਰਿਆਰ, ਬਲਾਕ ਪ੍ਰਧਾਨ ਮੋਹਨ ਮਸੀਹ ਲੁਕਮਾਨੀਆਂ ਤੇ ਸਰਪੰਚ ਰਣਜੀਤ ਸਿੰਘ ਗਾਜੀਨੰਗਲ ਨੇ ਕੀਤਾ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਜਿੱਥੇ ਪਹਿਲਾਂ ਹੀ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਿਕ ਬਣਾਏ ਗਏ ਹਨ, ਉਥੇ 10 ਲੱਖ ਰੁਪਏ ਤੱਕ ਕੈਸਲੈੱਸ ਇਲਾਜ ਕਰਵਾਉਣ ਦੀ ਸਹੂਲਤ ਮਿਲਣ ਕਰ ਕੇ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ | ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਜਿੱਥੇ ਸੂਬੇ ਦੀ ਬਿਹਤਰੀ ਲਈ ਕੰਮ ਕਰਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨ ਕੀਤੇ ਹਨ, ਉਥੇ ਦਿਨ ਸਮੇਂ ਕਿਸਾਨਾਂ ਨੂੰ ਖੇਤੀਬਾੜੀ ਲਈ ਟਿਊਬਵੈੱਲ ਮੋਟਰਾਂ ਦੀ ਬਿਜਲੀ ਸਪਲਾਈ ਮੁਹੱਈਆ ਕਰਵਾਈ ਹੈ, ਜਿਸ ਕਰ ਕੇ ਲੋਕ ਖੁਸ਼ ਹਨ | ਉਨ੍ਹਾਂ ਕਿਹਾ ਕਿ 'ਆਪ' ਦੀ ਸਰਕਾਰ ਨੇ ਜਿੱਥੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਘਰਾਂ ਦੇ ਨੇੜੇ ਆਮ ਆਦਮੀ ਕਲੀਨਿਕ ਖੋਲੇ ਹਨ, ਉਥੇ ਘਰ ਬੈਠਿਆਂ ਹੀ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਦੀ ਸੁਵਿਧਾ ਦਿੱਤੀ | ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਸ: ਗੁਰਦੀਪ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਹਲਕੇ ਦੇ ਪਿੰਡਾਂ 'ਚ ਜੰਗੀ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਸ ਮੌਕੇ ਸਰਪੰਚ ਗੁਰਤੇਜ ਸਿੰਘ ਰਣਸੀਕਾ ਤੱਲਾ, ਸਰਪੰਚ ਦਲਜੀਤ ਸਿੰਘ ਦੇਹੜ, ਸਰਪੰਚ ਸਮਸ਼ੇਰ ਸਿੰਘ ਸ਼ੇਰਾ ਨਬੀਨਗਰ, ਮਨਪ੍ਰੀਤ ਸਿੰਘ ਅਠਵਾਲ, ਸਰਪੰਚ ਮੇਜਰ ਸਿੰਘ ਢਿੱਲਵਾਂ, ਸਰਪੰਚ ਬਲਜੀਤ ਸਿੰਘ, ਸਰਪੰਚ ਸਾਹਿਬ ਸਿੰਘ ਜੀਵਨ ਨੰਗਲ ਸਮੇਤ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ |