ਗੁਰਦਾਸਪੁਰ, 23 ਦਸੰਬਰ (ਚੱਕਰਾਜਾ)-ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫ਼ਾਰ ਪੇਅ ਪੈਰਿਟੀ ਦੇ ਸੱਦੇ 'ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵੈਟਰਨਰੀ ਡਾਕਟਰਾਂ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਪਸ਼ੂ ਪਾਲਨ ਵਿਭਾਗ ਦੀਆਂ ਵੈਟਰਨਰੀ ਸੇਵਾਵਾਂ ਨੂੰ ਮੁਕੰਮਲ ਰੂਪ ਵਿਚ ਬੰਦ ਦਿੱਤਾ ਗਿਆ | ਜਿਸ ਕਾਰਨ ਜ਼ਿਲ੍ਹੇ ਵਿਚ ਸਾਰੀਆਂ ਵੈਟਰਨਰੀ ਸੇਵਾਵਾਂ ਠੱਪ ਰਹੀਆਂ | ਜ਼ਿਕਰਯੋਗ ਹੈ ਕਿ ਪੰਜਾਬ ਦੇ ਵੈਟਰਨਰੀ ਡਾਕਟਰ ਪਿਛਲੇ ਕਰੀਬ 5 ਸਾਲਾਂ ਤੋਂ ਆਪਣੀਆਂ ਜਾਇਜ਼ ਮੰਗਾਂ 42 ਸਾਲ ਚੱਲੀ ਮੈਡੀਕੋਜ਼ ਨਾਲ ਪੇਅ-ਪੈਰਿਟੀ ਦੀ ਬਹਾਲੀ, ਡੀ.ਏ.ਸੀ.ਪੀ. (ਡਾਇਨੈਮਿਕ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ) 4-9-14 ਸਕੀਮ ਦੀ ਬਹਾਲੀ, ਐਚ.ਆਰ.ਏ. ਆਨ ਐਨ.ਪੀ.ਏ. ਮੁੜ ਲਾਗੂ ਕਰਵਾਉਣਾ ਅਤੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖ਼ਾਹ ਨੂੰ ਲੈ ਕੇ ਸੰਘਰਸ਼ ਦੇ ਰਾਹ 'ਤੇ ਹਨ, ਪਰ ਮੌਜੂਦਾ ਸਰਕਾਰ ਲਗਾਤਾਰ ਲਾਰੇ ਲਗਾਉਂਦੀ ਆ ਰਹੀ ਹੈ | ਦੋ ਦਿਨਾਂ ਲਈ ਸੇਵਾਵਾਂ ਠੱਪ ਰੱਖਣ ਦੇ ਫ਼ੈਸਲੇ ਦੇ ਪਹਿਲੇ ਦਿਨ ਸੂਬੇ ਦੇ ਵੈਟਰਨਰੀ ਡਾਕਟਰਾਂ ਨੇ ਆਪੋ ਆਪਣੇ ਜ਼ਿਲਿ੍ਹਆਂ ਦੇ ਪੌਲੀਕਲੀਨਿਕਾਂ ਵਿਖੇ ਇਕੱਠੇ ਹੋ ਕੇ ਸਰਕਾਰ ਦੇ ਬੇਰੁਖ਼ੀ ਵਾਲੇ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੋਸ ਵਜੋਂ ਸਰਕਾਰ ਦੇ ਵਿੱਤ ਵਿਭਾਗ ਵਲੋਂ ਧੋਖੇ ਅਤੇ ਗ਼ਲਤ ਢੰਗ ਅਪਣਾ ਕੇ ਪੇਅ ਪੈਰਿਟੀ ਭੰਗ ਕਰਨ ਵਾਲਾ ਮਿਤੀ 4.1.2021 ਦਾ ਪੱਤਰ ਅਤੇ ਪਸ਼ੂ ਪਾਲਨ ਵਿਭਾਗ ਵਲੋਂ ਮਿਤੀ 12.1.2021 ਨੂੰ ਜਾਰੀ ਕੀਤੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ | ਇਸ ਮੌਕੇ ਸੰਬੋਧਨ ਕਰਦਿਆਂ ਡਾਕਟਰਾਂ ਵਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਨਿੱਜੀ ਪੱਧਰ 'ਤੇ ਦਖ਼ਲ ਦੇ ਕੇ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੀਦਾ ਹੈ | ਧਰਨੇ ਵਿਚ ਡਾ: ਮੰਜੇਸ਼ ਸ਼ਰਮਾ, ਡਾ: ਜਤਿੰਦਰ ਜੋਤੀ, ਡਾ: ਵਿਕਾਸ ਮਹਿਤਾ, ਡਾ: ਮੁਨੀਸ਼ ਜੁਲਕਾ, ਡਾ: ਸੁਮਿਤ ਸਿਆਲ, ਡਾ: ਨੀਲਮ, ਡਾ: ਚਰਨਜੀਵ, ਡਾ: ਨੇਹਾ, ਡਾ: ਚੇਤਨ, ਡਾ: ਸਾਹਿਲਦੀਪ ਸਿੰਘ, ਡਾ: ਸਨੇਹਦੀਪ, ਡਾ: ਪੁਨੀਤ, ਡਾ: ਮਹਿਕ, ਡਾ: ਕੁਨਾਲ ਅਤੇ ਡਾ: ਰੀਤੂ ਆਦਿ ਵਲੋਂ ਸੰਬੋਧਨ ਕੀਤਾ ਗਿਆ |