ਤਾਰਾਗੜ੍ਹ, 29 ਦਸੰਬਰ (ਸੋਹਨ ਲਾਲ)-ਕਾਂਗਰਸੀ ਆਗੂ ਬਿਕਰਮ ਠਾਕੁਰ ਵਿੱਕੀ ਦੀ ਪ੍ਰਧਾਨਗੀ ਹੇਠ ਕਾਂਗਰਸ ਦਫ਼ਤਰ ਵਿਖੇ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੀ ਮੌਜੂਦ ਸਨ | ਸਮਾਗਮ ਦੌਰਾਨ ਕਾਂਗਰਸ ਦੀ ਜੇਤੂ ਬਲਾਕ ਸੰਮਤੀ ਉਮੀਦਵਾਰ ਮਮਤਾ ਦੇਵੀ ਦਾ ਸਨਮਾਨ ਕੀਤਾ ਗਿਆ | ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੋਟਾਂ ਦੀ ਗਿਣਤੀ ਦੌਰਾਨ ਸਰਕਾਰ ਦੇ ਦਬਾਅ ਦੇ ਬਾਵਜੂਦ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟ ਪਾਈ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਕਾਰਨ ਵੋਟਾਂ ਦੀ ਗਿਣਤੀ ਵਿਚ ਦੇਰੀ ਹੋਈ ਅਤੇ ਦੇਰੀ ਦੌਰਾਨ ਹੋਈਆਂ ਬੇਨਿਯਮੀਆਂ ਜਨਤਕ ਹੋ ਗਈਆਂ ਹਨ | ਉਨ੍ਹਾਂ ਅੱਗੇ ਕਿਹਾ ਕਿ ਔਰਤਾਂ ਵੀ ਕਾਂਗਰਸ ਪਾਰਟੀ ਦੀ ਤਰੱਕੀ ਅਤੇ ਵਿਕਾਸ ਵਿਚ ਮਰਦਾਂ ਵਾਂਗ ਹੀ ਹਿੱਸਾ ਹਨ, ਜਿਵੇਂ ਕਿ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ 50 ਫ਼ੀਸਦੀ ਕੋਟੇ ਤਹਿਤ ਔਰਤਾਂ ਨੂੰ ਮੈਦਾਨ 'ਚ ਉਤਾਰਿਆ ਹੈ | ਕਾਂਗਰਸ ਆਗੂ ਵਿਕਰਮ ਵਿੱਕੀ ਨੇ ਕਿਹਾ ਕਿ ਬਲਾਕ ਸੰਮਤੀ ਚੋਣਾਂ ਵਿਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਮਮਤਾ ਦੇਵੀ ਨੂੰ ਮੈਦਾਨ ਵਿਚ ਉਤਾਰਿਆ ਸੀ ਅਤੇ ਪਾਰਟੀ ਦੀ ਜਿੱਤ ਪਾਰਟੀ ਵਰਕਰਾਂ ਦੇ ਯੋਗਦਾਨ ਅਤੇ ਮਿਹਨਤ ਕਾਰਨ ਹੋਈ ਹੈ | ਇਹ ਜਿੱਤ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਪਾਰਟੀ ਹਾਈਕਮਾਂਡ ਨੂੰ ਸਿਹਰਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਲਈ ਸਖ਼ਤ ਮਿਹਨਤ ਕੀਤੀ ਜਾਵੇਗੀ | ਇਸ ਮੌਕੇ ਮਾਸਟਰ ਰਣਵਿਜੇ ਸਿੰਘ, ਸਾਬਕਾ ਸਰਪੰਚ ਰਵਿੰਦਰ ਸ਼ਰਮਾ, ਬਲਵੰਤ ਸਿੰਘ, ਵਿਜੇ ਕੁਮਾਰ, ਤਰਸੇਮ ਲਾਲ, ਰਾਜੇਸ਼ ਕੁਮਾਰ, ਦਵਿੰਦਰ ਕੁਮਾਰ, ਲਵਲੀ ਕੁਮਾਰ, ਸਚਿਨ ਕੁਮਾਰ ਤੇ ਹੋਰ ਹਾਜ਼ਰ ਸਨ |