ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਪਿਛਲੇ ਕਾਫ਼ੀ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਰੁਕਣ ਨਾ ਨਾਮ ਨਹੀਂ ਲੈ ਰਹੀਆਂ | ਜਿੱਥੇ ਸ਼ਹਿਰਾਂ ਅੰਦਰ ਮੋਬਾਈਲ, ਪਰਸ ਆਦਿ ਦੀ ਲੁੱਟ 'ਤੇ ਦੋ ਪਹੀਆਂ ਵਾਹਨਾਂ ਨੂੰ ਚੋਰੀ ਕਰਨ ਦੀਆਂ ਵਾਰਦਾਤਾਂ ਦਾ ਸਿਲਸਿਲਾ ਜਾਰੀ ਹੈ, ਉੱਥੇ ਹੀ ਖੇਤਾਂ ਵਿਚੋਂ ਮੋਟਰਾਂ ਅਤੇ ਟਰਾਂਸਫ਼ਾਰਮਰ ਚੋਰੀ ਹੋਣ ਦੀਆਂ ਨਿੱਤ ਕਿਧਰੋਂ ਨਾ ਕਿਧਰੋਂ ਖ਼ਬਰਾਂ ਆ ਰਹੀਆਂ ਹਨ | ਹੁਣ ਤਾਂ ਚੋਰਾਂ ਦੇ ਹੌਸਲੇ ਇਤਨੇ ਬੁਲੰਦ ਹੋ ਗਏ ਹਨ ਕਿ ਇਹ ਵੱਡੇ ਚੋਰਾਂ ਦੇ ਗਿਰੋਹ ਜਿੱਥੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਉਂਦੇ ਹਨ, ਉੱਥੇ ਉਨ੍ਹਾਂ ਦੇ ਮਗਰ ਸੁਰੱਖਿਆ ਲਈ ਚੋਰਾਂ ਦੇ ਗਿਰੋਹਾਂ ਦੇ ਸਾਥੀ ਸਰਗਰਮ ਰਹਿੰਦੇ ਹਨ | ਕਿਤੇ ਚੋਰੀ ਕਰਨ ਵਾਲੇ ਸਾਥੀ ਫੜੇ ਨਾ ਜਾਣ | ਥਾਣਾ ਖੂਈ ਖੇੜਾ ਵਿਖੇ ਇਕੱਤਰ ਹੋਏ ਚਾਰ-ਪੰਜ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਕੁੱਝ ਨੌਜਵਾਨ ਮੋਟਰਾਂ ਚੋਰੀ ਕਰਨ ਲਈ ਪਿੰਡ ਹੀਰਾਂਵਾਲੀ ਦੇ ਕਿਸਾਨ ਅਸ਼ੋਕ ਕੁਮਾਰ ਝੀਝਾ ਦੇ ਖੇਤ ਵਿਚ ਆਏ | ਪਤਾ ਲੱਗਣ 'ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ | ਪਿੰਡ ਹੀਰਾਂਵਾਲੀ ਦੇ ਸਾਬਕਾ ਸਰਪੰਚ ਅਨਿਲ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ | ਉਨ੍ਹਾਂ ਨਾਲ ਹੀ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਦੇ ਨਾਲ ਲੱਗਦੇ ਚਾਰ-ਪੰਜ ਪਿੰਡਾਂ ਖੂਈ ਖੇੜਾ, ਬੋਦੀਵਾਲਾ, ਬੇਗਾਂਵਾਲੀ ਆਦਿ ਅੰਦਰ ਸੈਂਕੜੇ ਮੋਟਰਾਂ ਚੋਰੀ ਹੋ ਚੁੱਕੀਆਂ ਹਨ ਅਤੇ ਪੁਲਿਸ ਨੂੰ ਇਸ ਸਬੰਧੀ ਲਿਖਤੀ ਰੂਪ ਵਿਚ ਦਿੱਤਾ ਵੀ ਹੋਇਆ ਹੈ | ਪਰ ਕੋਈ ਵੀ ਚੋਰ ਪਕੜਿਆ ਨਹੀਂ ਗਿਆ | ਉਨ੍ਹਾਂ ਕਿਹਾ ਕਿ ਪਿੰਡ ਦਾ ਇਕ ਨੌਜਵਾਨ ਜਿਸ ਮੋਟਰਸਾਈਕਲ 'ਤੇ ਚੋਰ ਆਏ, ਤਾਂ ਉਹ ਮੋਟਰਸਾਈਕਲ ਥਾਣਾ ਖੂਈ ਖੇੜਾ ਲੈ ਕੇ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਪਕੜੇ ਨੌਜਵਾਨਾਂ ਨੇ ਮੋਬਾਈਲ 'ਤੇ ਆਪਣੇ ਸਾਥੀਆਂ ਨੂੰ ਸੂਚਿਤ ਕਰ ਦਿੱਤਾ ਤਾਂ ਫਿਰ ਦੋ ਤਿੰਨ ਗੱਡੀਆਂ ਭਰ ਕੇ ਪਿੰਡ ਆ ਗਈਆਂ | ਗੱਡੀ ਸਵਾਰਾਂ ਨੇ ਆਪਣੇ ਸਾਥੀਆਂ ਨੂੰ ਜਿੱਥੇ ਛਡਵਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ | ਰਸਤੇ ਵਿਚ ਕਾਰ ਸਵਾਰਾਂ ਨੇ ਆਪਣੇ ਸਾਥੀ ਦਾ ਮੋਟਰਸਾਈਕਲ ਪਹਿਚਾਣ ਲਿਆ | ਥਾਣੇ ਮੋਟਰਸਾਈਕਲ ਦੇਣ ਜਾ ਰਹੇ ਨੂੰ ਰੋਕ ਕੇ ਉਸ ਦੀ ਕੁੱਟਮਾਰ ਕਰ ਉਸ ਨੂੰ ਆਪਣੀ ਵਿਚ ਅਗਵਾ ਕਰ ਲਿਆ | ਜਦ ਪੁਲਿਸ ਨੇ ਪਕੜੇ ਗਏ ਕਥਿਤ ਚੋਰਾਂ ਕੋਲੋਂ ਉਨ੍ਹਾਂ ਦੇ ਸਾਥੀਆਂ ਦੇ ਮੋਬਾਈਲ ਨੰਬਰ ਲੈ ਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਪਕੜੇ ਗਏ ਸਾਥ ਛੱਡੋ , ਫਿਰ ਅਸੀਂ ਤੁਹਾਡਾ ਮੁੰਡਾ ਛੱਡਾਂਗੇ | ਮੋਬਾਈਲ ਦੀ ਲੋਕੇਸ਼ਨ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਅਗਵਾ ਕਰ ਕੇ ਲੈ ਜਾ ਰਹੇ ਨੌਜਵਾਨ ਨੂੰ ਛਡਾਇਆ ਗਿਆ | ਸਾਬਕਾ ਸਰਪੰਚ ਨੇ ਦੱਸਿਆ ਕਿ ਮੋਟਰਾਂ ਚੋਰੀ ਕਰਨ ਆਏ ਕਥਿਤ ਚੋਰ ਇਤਨੇ ਹੁਸ਼ਿਆਰ ਸਨ ਕਿ ਉਨ੍ਹਾਂ ਨੇ ਪੁਲਿਸ ਦੇ ਸਾਹਮਣੇ ਆਪਣੇ ਸਾਥੀਆਂ ਨੂੰ ਕਿਹਾ ਕਿ ਸਾਡੀ ਮਾਰਕੁੱਟ ਕੀਤੀ ਗਈ ਹੈ, ਤੁਸੀਂ ਹੁਣ ਨਾਲ ਲਿਜਾ ਰਹੇ ਮੁੰਡੇ ਨੂੰ ਮਾਰ ਦਿਓ | ਇਸ ਸਬੰਧੀ ਥਾਣਾ ਖੂਈ ਖੇੜਾ ਦੇ ਐੱਸ.ਐੱਚ.ਓ.ਗੁਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਖੂਈ ਖੇੜਾ ਦੇ ਵਸਨੀਕ ਬਲਰਾਮ ਨੇ ਫ਼ੋਨ 'ਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ | ਨਾਲੋਂ ਨਾਲ ਹੀ ਪੁਲਿਸ ਨੇ ਦੋ ਟੀਮਾਂ ਕਥਿਤ ਚੋਰਾਂ ਨੂੰ ਪਕੜਨ ਲਈ ਭੇਜ ਦਿੱਤੀਆਂ | ਉਨ੍ਹਾਂ ਦੱਸਿਆ ਕਿ ਪਕੜੇ ਗਏ ਵਿਅਕਤੀ ਕੋਲੋਂ ਮਿਲੇ ਨੰਬਰ ਦੀ ਲੋਕੇਸ਼ਨ ਦੇ ਆਧਾਰ 'ਤੇ ਪਤਾ ਚੱਲਿਆ ਕਿ ਉਹ ਫ਼ਾਜ਼ਿਲਕਾ ਵਾਲੇ ਪਾਸੇ ਗਏ ਹਨ | ਜਿਸ 'ਤੇ ਢਾਣੀ ਖ਼ਰਾਸ ਵਾਲੀ ਕੋਲ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਹ ਫਿਰ ਗੱਡੀਆਂ ਰਾਹੀਂ ਫ਼ਾਜ਼ਿਲਕਾ ਨੂੰ ਵਾਪਸ ਆ ਗਏ | ਜਿੱਥੇ ਥਾਣਾ ਸਦਰ ਦੇ ਕੋਲ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਅਗਵਾ ਕਰ ਕੇ ਲੈ ਗਏ ਲੜਕੇ ਨੂੰ ਵੀ ਛੁਡਵਾ ਲਿਆ | ਐੱਸ.ਐੱਚ.ਓ.ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਜਾਂਚ ਕੀਤੀ ਜਾ ਰਹੀ ਹੈ
ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਕਥਿਤ ਚੋਰਾਂ ਦੇ ਵਧੇ ਹੌਸਲੇ ਦੀ ਚਰਚਾ ਥਾਂ-ਥਾਂ
ਅਜੀਤ ਡੈਸਕ
02-06-2025