ਗੁਰੂਹਰਸਹਾਏ, 1 ਜੂਨ (ਹਰਚਰਨ ਸਿੰਘ ਸੰਧੂ)-ਥਾਣਾ ਗੁਰੂਹਰਸਹਾਏ ਪੁਲਿਸ ਵਲੋਂ ਇਕ ਮੁਲਜ਼ਮ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ 'ਤੇ ਐਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ | ਇੰਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਟੀ-ਪੁਆਇੰਟ ਕੋਹਰ ਸਿੰਘ ਵਾਲਾ ਪੁੱਜੀ ਤਾਂ ਮੁਖ਼ਬਰ ਖ਼ਾਸ ਨੇ ਇਸ਼ਾਰਾ ਕਰਕੇ ਗੱਡੀ ਰੁਕਵਾ ਕੇ ਸੂਚਨਾ ਦਿੱਤੀ ਕਿ ਕਰਨੈਲ ਸਿੰਘ ਉਕਤ ਹੈਰੋਇਨ ਲਿਆ ਕੇ ਗੁਰੂਹਰਸਹਾਏ ਤੇ ਆਸ-ਪਾਸ ਦੇ ਪਿੰਡਾਂ ਵਿਚ ਵੇਚਣ ਦਾ ਆਦੀ ਹੈ ਤੇ ਇਹ ਅਕਸਰ ਹੀ ਝਾਵਾਲਾ ਰੋਡ 'ਤੇ ਹੈਰੋਇਨ ਵੇਚਦਾ ਆ ਰਿਹਾ ਹੈ ਤੇ ਅੱਜ ਵੀ ਇਹ ਝਾਵਾਲਾ ਰੋਡ 'ਤੇ ਬੰਦ ਪਏ ਸ਼ੈਲਰ ਦੇ ਬਾਹਰ ਹੈਰੋਇਨ ਵੇਚਣ ਲਈ ਆਪਣੇ ਗਾਹਕਾਂ ਦੀ ਇੰਤਜ਼ਾਰ ਕਰ ਰਿਹਾ ਹੈ | ਅਗਰ ਇਸ 'ਤੇ ਹੁਣੇ ਰੇਡ ਕੀਤਾ ਜਾਵੇ ਤਾਂ ਇਹ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਕਾਬੂ ਆ ਸਕਦਾ ਹੈ | ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕਰਦਿਆਂ ਮੁਲਜ਼ਮ ਕਰਨੈਲ ਸਿੰਘ ਉਰਫ਼ ਕੇਵਲ ਪੁੱਤਰ ਸੋਨਾ ਸਿੰਘ ਵਾਸੀ ਜੁਵਾਏ ਸਿੰਘ ਵਾਲਾ ਥਾਣਾ ਗੁਰੂਹਰਸਹਾਏ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ |