ਫ਼ਾਜ਼ਿਲਕਾ, 4 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਕੌਮਾਂਤਰੀ ਸਰਹੱਦ ਦੇ ਨਾਲ ਚੱਲਦੇ ਸਤਲੁਜ ਦਰਿਆ ਅੰਦਰ ਆਏ ਹੜ੍ਹਾਂ ਦੀ ਸਥਿਤੀ ਗੰਭੀਰ ਹੁੰਦੀ ਦੇਖ ਬਚਾਅ ਕਾਰਜਾਂ ਦੇ ਕੰਮ ਭਾਰਤੀ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਫ਼ੌਜ ਦੀਆਂ ਟੁਕੜੀਆਂ ਰਾਹਤ ਅਤੇ ਬਚਾਅ ਕਾਰਜਾਂ 'ਚ ਸਰਗਰਮ ਹੋ ਗਈਆਂ ਹਨ | ਹੁਣ ਤੱਕ 2200 ਤੋਂ ਵੱਧ ਪੀੜਤ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ | ਫ਼ੌਜ ਦੀਆਂ ਮੈਡੀਕਲ ਟੀਮਾਂ ਜ਼ਖ਼ਮੀਆਂ ਦਾ ਇਲਾਜ ਕਰ ਰਹੀਆਂ ਹਨ ਅਤੇ ਪੀਣ ਵਾਲਾ ਪਾਣੀ, ਖਾਣ-ਪੀਣ ਦੀ ਸਮਗਰੀ ਤੇ ਦਵਾਈਆਂ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚਾਈ ਜਾ ਰਹੀ ਹੈ | ਹੜ੍ਹ ਨਾਲ ਪ੍ਰਭਾਵਿਤ ਕਰੀਬ ਤਿੰਨ ਦਰਜਨਾਂ ਪਿੰਡਾਂ ਰਾਮ ਸਿੰਘ ਭੈਣੀ, ਤੇਜਾ ਰੁਹੇਲਾ, ਦੋਨਾ ਨਾਨਕਾ, ਗੱਟੀ ਨੰਬਰ 1, ਮਹਾਤਮ ਨਗਰ, ਗੁਲਾਬਾਂ ਭੈਣੀ, ਚੱਕ ਰੁਹੇਲਾ, ਰੇਤੇ ਵਾਲੀ ਭੈਣੀ ਤੇ ਝੰਗੜ ਭੈਣੀ ਸਮੇਤ ਕਈ ਛੋਟੇ ਪਿੰਡ ਸ਼ਾਮਲ ਹਨ | ਫ਼ਾਜ਼ਿਲਕਾ ਵਿਚ ਤਾਇਨਾਤ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਭਾਰਤੀ ਫ਼ੌਜ ਦੇਸ਼ ਦੇ ਨਾਗਰਿਕਾਂ ਦੇ ਕਲਿਆਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਵਧਦੇ ਪਾਣੀ ਤੇ ਗੰਭੀਰ ਹਾਲਾਤ ਦੇ ਬਾਵਜੂਦ ਜਵਾਨ ਜ਼ਮੀਨ 'ਤੇ ਡਟੇ ਹੋਏ ਹਨ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਨ |