ਅਬੋਹਰ, 4 ਸਤੰਬਰ(ਵਿਵੇਕ ਹੂੜੀਆ)- ਅਬੋਹਰ ਤੋਂ ਪਿੰਡ ਸ਼ੇਰਗੜ੍ਹ ਜਾ ਰਹੀ ਇੱਕ ਬੱਸ ਅੱਜ ਦੁਪਹਿਰ ਪਿੰਡ ਝੋਰੜ ਖੇੜਾ ਨੇੜੇ ਸੜਕ 'ਤੇ ਆਏ ਇੱਕ ਬੇਸਹਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਪਲਟ ਗਈ ਜਿਸ ਕਾਰਨ ਬੱਸ ਵਿਚ ਸਵਾਰ ਕਈ ਯਾਤਰੀ ਜ਼ਖਮੀ ਹੋ ਗਏ | ਬੱਸ ਦਰਖ਼ਤ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੀ ਗਈ | ਸੜਕ ਵਿਚਕਾਰ ਬੱਸ ਪਲਟਣ ਕਾਰਨ ਡਰਾਈਵਰ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ | ਜਾਣਕਾਰੀ ਅਨੁਸਾਰ ਪਿੰਡ ਝੋਰੜ ਖੇੜਾ ਦੇ ਵਸਨੀਕ ਕਿੱਕਰ ਸਿੰਘ ਦੀ ਬੱਸ, ਜੋ ਪਿੰਡ ਸ਼ੇਰਗੜ੍ਹ ਤੋਂ ਅਬੋਹਰ ਯਾਤਰੀਆਂ ਨੂੰ ਲਿਆਉਂਦੀ ਹੈ, ਅੱਜ ਦੁਪਹਿਰ ਕਰੀਬ 30 ਤੋਂ 40 ਯਾਤਰੀਆਂ ਨੂੰ ਲੈ ਕੇ ਅਬੋਹਰ ਆ ਰਹੀ ਸੀ | ਜਦੋਂ ਬੱਸ ਝੋਰੜ ਖੇੜਾ ਨੇੜੇ ਪਹੁੰਚੀ ਤਾਂ ਬੱਸ ਡਰਾਈਵਰ ਨੇ ਸੜਕ 'ਤੇ ਬੈਠੇ ਇੱਕ ਬੇਸਹਾਰਾ ਪਸ਼ੂ ਨੂੰ ਬਚਾਉਣ ਲਈ ਮੋੜ ਲਿਆ ਤਾਂ ਅਚਾਨਕ ਇੱਕ ਮੋਟਰਸਾਈਕਲ ਸਵਾਰ ਸਾਹਮਣੇ ਆ ਗਿਆ | ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬੱਸ ਸੜਕ ਕਿਨਾਰੇ ਇੱਕ ਕਿੱਕਰ ਦੇ ਦਰਖ਼ਤ ਨਾਲ ਟਕਰਾ ਗਈ ਤੇ ਪਲਟ ਗਈ ਜਿਸ ਕਾਰਨ ਲਗਭਗ 7-8 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ | ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ | ਬੱਸ ਵਿਚ ਸਵਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੜਕ 'ਤੇ ਬਹੁਤ ਸਾਰੇ ਹਰੇ ਤੇ ਸੁੱਕੇ ਕਿੱਕਰ ਦੇ ਦਰਖ਼ਤ ਹਨ ਜਿਨ੍ਹਾਂ ਨੂੰ ਕੱਟਣ ਲਈ ਜੰਗਲਾਤ ਵਿਭਾਗ ਨੂੰ ਕਈ ਵਾਰ ਲਿਖਿਆ ਗਿਆ ਹੈ ਪਰ ਵਿਭਾਗ ਧਿਆਨ ਨਹੀਂ ਦੇ ਰਿਹਾ ਹੈ | ਜੇਕਰ ਸੁੱਕੇ ਦਰਖਤਾਂ ਨੂੰ ਹਟਾ ਦਿੱਤਾ ਜਾਵੇ ਤਾਂ ਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ |