ਫ਼ਾਜ਼ਿਲਕਾ, 5 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ | ਇਸੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਰਾਹੀਂ ਲੋਕਾਂ ਦੀ ਸਿਹਤ ਸਬੰਧੀ ਵੱਖ-ਵੱਖ ਪੋ੍ਰਗਰਾਮ ਚਲਾਏ ਗਏ ਹਨ ਅਤੇ ਹੋਰ ਪੋ੍ਰਗਰਾਮ ਚਲਾਏ ਜਾ ਰਹੇ ਹਨ | ਪੰਜਾਬ ਸਰਕਾਰ ਵਲੋਂ ਕੈਂਸਰ ਦੇ ਇਲਾਜ ਲਈ ਪੰਜਾਬ ਦੇ ਸਾਰੇ ਲੋਕਾਂ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਚਲਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਵਿਤਾ ਸਿੰਘ ਸਿਵਲ ਸਰਜਨ ਫ਼ਾਜ਼ਿਲਕਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਕੈਂਸਰ ਦੇ ਹਰੇਕ ਮਰੀਜ਼ ਨੂੰ 150000 ਰੁਪਏ ਤੱਕ ਦੀ ਸਹਾਇਤਾ ਸਬੰਧਿਤ ਸਰਕਾਰੀ ਜਾਂ ਐਪੈਂਲਡ ਹਸਪਤਾਲ ਨੂੰ ਦਿੱਤੀ ਜਾਂਦੀ ਹੈ, ਜਿੱਥੇ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ਤਾਂ ਜੋ ਕੈਂਸਰ ਦੇ ਮਰੀਜ਼ ਦਾ 150000 ਰੁਪਏ ਤੱਕ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਇਸ ਸਬੰਧ ਵਿਚ ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ ਨੇ ਦੱਸਿਆ ਕਿ ਇਸ ਸਕੀਮ ਅਧੀਨ ਸਾਰੇ ਸਰਕਾਰੀ ਹਸਪਤਾਲਾਂ, ਸਰਕਾਰੀ ਮੈਡੀਕਲ ਕਾਲਜਾਂ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32, ਏਮਜ਼ ਦਿੱਲੀ, ਪੀ.ਜੀ.ਆਈ. ਚੰਡੀਗੜ੍ਹ, ਐਡਵਾਂਸ ਕੈਂਸਰ ਹਸਪਤਾਲ ਬਠਿੰਡਾ, ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ, ਅਚਾਰਯ ਤੁਲਸੀ ਕੇਅਰ ਸੈਂਟਰ ਬੀਕਾਨੇਰ ਅਤੇ ਹੋਰ ਪ੍ਰਾਈਵੇਟ ਹਸਪਤਾਲ ਐਂਪੈਂਲਡ ਕੀਤੇ ਹਨ | ਉਨ੍ਹਾਂ ਦੱਸਿਆ ਕਿ ਜਦੋਂ ਕਿਸੇ ਨੰੂ ਕੈਂਸਰ ਦੇ ਲੱਛਣ ਦਿਸਣ ਜਿਵੇਂ ਕਿ ਛਾਤੀ ਵਿਚ ਗਿਲਟੀ ਜਾਂ ਗੰਢ, ਨਿਪਲ ਦਾ ਅੰਦਰ ਧਸਣਾ, ਨਿਪਲ ਵਿਚੋਂ ਖ਼ੂਨ ਦਾ ਵਗਣਾ, ਮੰੂਹ/ਮਸੂੜੇ੍ਹ/ਤਾਲੂਏ ਜਾਂ ਜੀਭ 'ਤੇ ਨਾ ਠੀਕ ਹੋਣ ਵਾਲੇ ਜ਼ਖਮ, ਪੁਰਾਣੇ ਜ਼ਖ਼ਮਾਂ ਵਿਚੋਂ ਖ਼ੂਨ ਵਗਣਾ, ਲਗਾਤਾਰ ਲੰਬੀ ਖਾਂਸੀ, ਬਲਗ਼ਮ ਵਿਚ ਖ਼ੂਨ, ਵਜ਼ਨ ਘਟਣ ਦੇ ਨਾਲ-ਨਾਲ ਨਾ ਠੀਕ ਹੋਣ ਵਾਲਾ ਪੀਲੀਆ, ਸਰੀਰ ਵਿਚ ਖ਼ੂਨ ਦੀ ਕਮੀ, ਬਿਨਾਂ ਵਜਾ ਤਿੰਨ ਮਹੀਨਿਆਂ ਤੋਂ ਬੁਖ਼ਾਰ, ਦਰਦ, ਪਿਸ਼ਾਬ ਵਿਚ ਖ਼ੂਨ, ਪਿਸ਼ਾਬ ਵਿਚ ਰੁਕਾਵਟ ਆਦਿ ਬਿਮਾਰੀ ਦੇ ਲੱਛਣ ਦਿਸਣ ਤਾਂ ਜਲਦੀ ਮਾਹਿਰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ, ਤਾਂ ਜੋ ਕੈਂਸਰ ਨੰੂ ਜਲਦੀ ਪਹਿਚਾਣ ਕੇ ਉਸ ਦਾ ਸੰਪੂਰਨ ਇਲਾਜ ਕੀਤਾ ਜਾ ਸਕੇ | ਕੈਂਸਰ ਦੀ ਬਿਮਾਰੀ ਦੇ ਲੇਟ ਪਤਾ ਲੱਗਣ ਤੇ ਇਲਾਜ ਵਿਚ ਦੇਰੀ ਹੋ ਜਾਂਦੀ ਹੈ, ਜਿਸ ਨਾਲ ਖ਼ਰਚ ਵੀ ਬਹੁਤ ਜ਼ਿਆਦਾ ਆਉਂਦਾ ਅਤੇ ਮਰੀਜ਼ ਨੰੂ ਬਚਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ | ਜੇਕਰ ਇਸ ਬਿਮਾਰੀ ਦਾ ਮੁੱਢਲੀ ਸਟੇਜ ਵਿਚ ਪਤਾ ਲੱਗ ਜਾਂਦਾ ਹੈ ਤਾਂ ਇਸ ਦਾ ਇਲਾਜ ਸੰਭਵ ਹੈ ਅਤੇ ਖਰਚਾ ਵੀ ਘੱਟ ਆਉਣ ਦੇ ਨਾਲ ਰਿਸਕ ਵੀ ਘੱਟ ਹੁੰਦਾ ਹੈ | ਇਸ ਸਮੇਂ ਡਾ ਐਰਿਕ, ਮਨਬੀਰ ਸਿੰਘ ਦਿਵੇਸ਼ ਕੁਮਾਰ, ਹਾਜ਼ਰ ਸਨ |