ਮੱਖੂ, 5 ਦਸੰਬਰ (ਕੁਲਵਿੰਦਰ ਸਿੰਘ ਸੰਧੂ,ਵਰਿੰਦਰ ਮਨਚੰਦਾ)-ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ 'ਤੇ ਬਿਜਲੀ ਸੋਧ ਬਿੱਲ 2025 ਦੇ ਵਿਰੋਧ ਵਿੱਚ ਅੱਜ ਸੂਬੇ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਕਿਸਾਨ ਸੰਗਠਨਾਂ ਵਲੋਂ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਰੇਲ ਰੋਕੋ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਲੜੀ ਅੰਦਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਆਗੂ ਬੀਬੀ ਬਲਜੀਤ ਕੌਰ ਦੀ ਅਗਵਾਈ ਵਿਚ ਜਦੋਂ ਕਿਸਾਨ ਮੱਖੂ ਰੇਲਵੇ ਸਟੇਸ਼ਨ 'ਤੇ ਧਰਨਾ ਲਗਾਉਣ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਸਟੇਸ਼ਨ ਦੇ ਅੰਦਰ ਜਾਣ ਤੋਂ ਰੋਕ ਦਿੱਤਾ | ਇਸ 'ਤੇ ਆਗੂਆਂ ਅਤੇ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਰੇਲਵੇ ਸਟੇਸ਼ਨ ਦੇ ਬਾਹਰ ਹੀ ਧਰਨਾ ਸ਼ੁਰੂ ਕਰ ਦਿੱਤਾ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬੀਬੀ ਬਲਜੀਤ ਕੌਰ ਨੇ ਕਿਹਾ ਕਿ Tਕੇਂਦਰ ਸਰਕਾਰ ਦੇ ਦਬਾਅ ਹੇਠ ਪੰਜਾਬ ਸਰਕਾਰ ਇਸ ਬਿਜਲੀ ਸੋਧ ਬਿੱਲ ਨੂੰ ਲਾਗੂ ਕਰਨਾ ਚਾਹੁੰਦੀ ਹੈ, ਪਰ ਕਿਸਾਨ ਇਹ ਬਿੱਲ ਕਿਸੇ ਵੀ ਸੂਰਤ ਵਿੱਚ ਲਾਗੂ ਨਹੀਂ ਹੋਣ ਦੇਣਗੇ | ਇਸ ਨੰੂ ਰੱਦ ਕਰਵਾਉਣ ਲਈ ਅਸੀਂ ਹਰ ਕਿਸਮ ਦੀ ਕੁਰਬਾਨੀ ਦੇਣ ਲਈ ਤਿਆਰ ਹਾਂ | ਧਰਨੇ ਦੌਰਾਨ ਬੀਬੀ ਬਲਜੀਤ ਕੌਰ ਤੋਂ ਇਲਾਵਾ ਚਰਨਜੀਤ ਸਿੰਘ ਬੱਲ, ਸੁਖਵਿੰਦਰ ਸਿੰਘ ਅਲੀਪੁਰ,ਕਾਲਾ ਸਿੰਘ, ਸੋਹਣ ਸਿੰਘ ਢੰਡੀਆਂ,ਬਲਵਿੰਦਰ ਸਿੰਘ ਢੰਡੀਆਂ,ਸੇਵਕ ਸਿੰਘ ਕੋਠੇ ਗਾਦੜੀ ਵਾਲਾ,ਸੁਖਪ੍ਰੀਤ ਸਿੰਘ,ਪ੍ਰਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ |