ਫ਼ਾਜ਼ਿਲਕਾ, 24 ਦਸੰਬਰ (ਦਵਿੰਦਰ ਪਾਲ ਸਿੰਘ)-ਸ਼ਹਿਰ ਵਿਚ ਇਕ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਘਰ ਵਿਚ ਦਾਖਲ ਹੋਏ ਲੁਟੇਰਿਆਂ ਨੇ ਘਰ ਵਿਚ ਸੌਂ ਰਹੇ ਜੋੜੇ ਨੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਬੰਧਕ ਬਣਾ ਲਿਆ। ਇਸ ਤੋਂ ਬਾਅਦ ਉਹ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਲੈ ਗਏ। ਲੁਟੇਰਿਆਂ ਨੇ ਕਰੀਬ ਢਾਈ ਘੰਟੇ ਤੱਕ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਵਾਰਦਾਤ ਜੋਰਾ ਸਿੰਘ ਮਾਨ ਨਗਰ ਵਿਚ ਵਾਪਰੀ ਹੈ। ਲੁਟੇਰਿਆਂ ਦੇ ਜਾਣ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਕੁੱਝ ਦਿਨ ਪਹਿਲਾਂ ਹੀ ਐਫ.ਸੀ.ਆਈ ਵਿਚ ਪੱਲੇਦਾਰੀ ਦੇ ਕੰਮ ਤੋਂ ਸੇਵਾਮੁਕਤ ਹੋਇਆ ਸੀ। ਬਜ਼ੁਰਗ ਜੋੜੇ ਅਨੁਸਾਰ ਘਰ ਵਿਚ 20 ਹਜ਼ਾਰ ਰੁਪਏ ਦੀ ਨਗਦੀ, ਸੋਨੇ ਅਤੇ ਚਾਂਦੀ ਦੇ ਗਹਿਣੇ, ਘੜੀਆਂ, ਮੋਬਾਈਲ, ਅਣਸੀਤੇ ਕੱਪੜੇ ਲੈ ਗਏ। ਪੀੜਤ ਜੋੜੇ ਸਵਰਨਾ ਬਾਈ ਅਤੇ ਉਨ੍ਹਾਂ ਦੇ ਪਤੀ ਖਜ਼ਾਨ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਕਮਰੇ ਵਿਚ ਸੌਂ ਰਹੇ ਸਨ। ਰਾਤ 12:30 ਵਜੇ ਦੇ ਕਰੀਬ ਤਿੰਨ ਲੋਕ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਗਏ। ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ ਤਾਂ ਉਨ੍ਹਾਂ ਨੇ ਉੱਠ ਕੇ ਦੇਖਿਆ। ਇਸ 'ਤੇ ਲੁਟੇਰਿਆਂ ਨੇ ਔਰਤ ਦਾ ਮੂੰਹ ਅਤੇ ਹੱਥ ਮਗਰ ਬੰਨ੍ਹ ਦਿੱਤੇ ਅਤੇ ਉਸ ਦੇ ਪਤੀ ਦੇ ਹੱਥ, ਪੈਰ, ਮੂੰਹ ਅਤੇ ਅੱਖਾਂ ਬੰਨ੍ਹ ਦਿੱਤੀਆਂ। ਸਵਰਨਾ ਬਾਈ ਨੇ ਦੱਸਿਆ ਕਿ ਉਨ੍ਹਾਂ ਵਲੋਂ ਰੋਲਾ ਪਾਉਣ 'ਤੇ ਨਕਾਬਪੋਸ਼ ਲੁਟੇਰਿਆਂ, ਜਿਨ੍ਹਾਂ ਕੋਲ ਪਿਸਤੌਲ 'ਤੇ ਕਾਪੇ ਸਨ, ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਦੱਸਿਆ ਕਿ ਕਰੀਬ 3 ਵਜੇ ਲੁਟੇਰਿਆਂ ਦੇ ਜਾਣ ਤੋਂ ਬਾਅਦ ਸਵਰਨਾ ਬਾਈ ਨੇ ਮਗਰ ਬੰਨ੍ਹਿਆ ਹੱਥ ਖ਼ੋਲ ਲਿਆ ਅਤੇ ਉਸ ਤੋਂ ਬਾਅਦ ਆਪਣੇ ਪਤੀ ਦਾ ਮੂੰਹ ਅਤੇ ਹੱਥ ਖੋਲ੍ਹੇ। ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੇ ਇਸ ਦੀ ਸੂਚਨਾ ਆਪਣੇ ਗੁਆਂਢੀ ਨੂੰ ਦਿੱਤੀ। ਜਿਸ 'ਤੇ ਮੁਹੱਲਾ ਵਾਸੀ ਇਕੱਠੇ ਹੋ ਗਏ। ਉਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫ਼ਾਜ਼ਿਲਕਾ ਅੰਦਰ ਲੁਟੇਰਿਆਂ ਨੇ ਪਤੀ-ਪਤਨੀ ਨੂੰ ਬੰਨ੍ਹ ਕੇ ਸੋਨਾ, ਚਾਂਦੀ ਅਤੇ ਨਗਦੀ ਲੁੱਟੀ
ਅਜੀਤ ਡੈਸਕ
25-12-2025