ਅੰਮਿ੍ਤਸਰ, 4 ਸਤੰਬਰ (ਹਰਮਿੰਦਰ ਸਿੰਘ)-ਅੰਮਿ੍ਤਸਰ 'ਚ ਵੱਖ-ਵੱਖ ਥਾਵਾਂ 'ਚ ਦੋ ਇਮਾਰਤਾਂ ਡਿਗਣ ਦੀ ਇਤਲਾਹ ਮਿਲੀ ਹੈ | ਇਸ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਪਹਿਲੀ ਇਮਾਰਤ ਵਾਰਡ ਨੰ: 50 ਦੇ ਇਲਾਕੇ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਅੱਜ ਤੜਕੇ ਡਿੱਗੀ | ਇਸ ਸੰਬੰਧ ਵਿਚ ਘਰ ਦੀ ਮਾਲਕ ਅਮਨਦੀਪ ਕੌਰ ਪਤਨੀ ਸਾਜਨ ਨੇ ਦੱਸਿਆ ਅੱਜ ਤੜਕੇ ਉਨ੍ਹਾਂ ਦਾ ਦੋ ਮੰਜਿਲੀ ਘਰ ਪੂਰੀ ਤਰ੍ਹਾਂ ਡਿੱਗ ਗਿਆ | ਉਸ ਨੇ ਦੱਸਿਆ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਘਰ ਵਿਚ ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਘਰ 'ਚ ਮੌਜੂਦ ਨਹੀਂ | ਉਸ ਨੇ ਦੱਸਿਆ ਉਨ੍ਹਾਂ ਵਲੋਂ ਇਹ ਘਰ ਕੁਝ ਸਮਾਂ ਪਹਿਲਾਂ ਹੀ ਬਣਿਆ ਹੀ ਖਰੀਦਿਆ ਸੀ, ਜਿਸ ਦਾ ਕਰਜਾ ਵੀ ਅਜੇ ਲੱਥਾ ਨਹੀਂ ਕਿ ਇਹ ਮੁਸੀਬਤ ਆ ਗਈ | ਘਰ ਦੇ ਦੋਵੇ ਲੈਂਟਰ ਡਿੱਗਣ ਕਾਰਨ ਉਸ ਦੇ ਹੇਠਾਂ ਘਰ ਦਾ ਸਾਰਾ ਸਾਮਾਨ ਵੀ ਆ ਗਿਆ | ਇਸ ਤੋਂ ਇਲਾਵਾ ਸਥਾਨਕ ਫਤਹਿ ਸਿੰਘ ਕਾਲੋਨੀ ਗਲੀ ਨੰ: 7 'ਚ ਵੀ ਇਕ ਘਰ ਡਿੱਗ ਗਿਆ ਹੈ | ਜਿਸ ਦੀ ਇਤਲਾਹ ਮਿਲਦੇ ਹੀ ਢਾਬ ਬਸਤੀ ਰਾਮ ਫਾਇਰ ਸਟੇਸ਼ਨ ਤੋਂ ਫਾਇਰ ਬਿ੍ਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ | ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ |
ਮੀਂਹ ਕਾਰਨ ਦੋ ਹੋਰ ਇਮਾਰਤਾਂ ਡਿੱਗੀਆਂ
ਅਜੀਤ ਡੈਸਕ
05-09-2025