ਅੰਮਿ੍ਤਸਰ, 4 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹਲਕਾ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਨੇ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ 'ਇਕ ਪਰਿਵਾਰ ਮੈਂ ਜੁੰਮੇਵਾਰ' ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ 'ਚ ਹਰ ਵਿਅਕਤੀ ਨੂੰ ਹੜ੍ਹ ਪੀੜਤ ਕਿਸੇ ਇਕ ਪਰਿਵਾਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਭ ਮਿਲਕੇ ਇਸ ਮੁਹਿੰਮ 'ਚ ਆਪਣਾ ਯੋਗਦਾਨ ਪਾਵਾਂਗੇ ਤਾਂ ਬੇਘਰ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਨਾਲ ਖੜ੍ਹਨ ਲਈ ਮਜ਼ਬੂਤ ਸਹਾਰਾ ਮਿਲੇਗਾ | ਵਿਧਾਇਕਾ ਨੇ ਕਿਹਾ ਕਿ 'ਇਕ ਪਰਿਵਾਰ ਮੈਂ ਜੁੰਮੇਵਾਰ' ਮੁਹਿੰਮ ਦਾ ਮਕਸਦ ਕੇਵਲ ਰਾਸ਼ਨ ਜਾਂ ਸਾਮਾਨ ਵੰਡਣਾ ਨਹੀਂ, ਸਗੋਂ ਪ੍ਰਭਾਵਿਤ ਪਰਿਵਾਰਾਂ ਨੂੰ ਮਾਨਸਿਕ, ਆਰਥਿਕ ਅਤੇ ਸਮਾਜਕ ਤੌਰ 'ਤੇ ਸਹਾਰਾ ਦੇਣਾ ਹੈ, ਜੇਕਰ ਹਰ ਘਰ, ਹਰ ਇਲਾਕੇ ਤੋਂ ਇਕ ਪਰਿਵਾਰ ਕਿਸੇ ਹੜ੍ਹ ਪੀੜਤ ਪਰਿਵਾਰ ਦਾ ਹੱਥ ਫੜੇਗਾ ਤਾਂ ਇਹ ਵੱਡੀ ਤਾਕਤ ਬਣ ਕੇ ਸਾਹਮਣੇ ਆਵੇਗੀ | ਜੀਵਨਜੋਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਹੜ੍ਹ ਪੀੜਤਾਂ ਦੀ ਮਦਦ ਲਈ ਲਗਾਤਾਰ ਯਤਨਸ਼ੀਲ ਹਨ, ਪਰ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕਦਾ ਹੈ |
ਵਿਧਾਇਕਾ ਜੀਵਨਜੋਤ ਕੌਰ ਵਲੋਂ 'ਇਕ ਪਰਿਵਾਰ ਮੈਂ ਜ਼ਿੰਮੇਵਾਰ' ਮੁਹਿੰਮ ਦਾ ਆਗਾਜ਼
ਅਜੀਤ ਡੈਸਕ
05-09-2025