ਜਗਦੇਵ ਕਲਾਂ, 4 ਸਤੰਬਰ (ਸ਼ਰਨਜੀਤ ਸਿੰਘ ਗਿੱਲ)-ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹ ਦੇ ਪਾਣੀ ਕਰਕੇ ਹੋਈ ਭਾਰੀ ਤਬਾਹੀ ਕਾਰਨ ਬੇਵੱਸ ਹੋਏ ਲੋਕਾਂ ਦੀ ਸਹਾਇਤਾ ਲਈ ਜਗਦੇਵ ਕਲਾਂ ਦੀਆਂ ਸਮੂਹ ਸੰਗਤਾਂ ਵਲੋਂ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਸਦਕਾ ਰਮਦਾਸ ਏਰੀਏ ਦੇ ਵੱਖ-ਵੱਖ ਪਿੰਡਾਂ ਵਿਚ ਅਤੇ ਸੱਕੀ ਨਾਲੇ ਉੱਪਰ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਦੌਰਾਨ ਕੈਂਪ ਵਿਚ ਆਉਣ ਵਾਲੇ ਲੋਕਾਂ (ਮਰੀਜ਼ਾਂ) ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ | ਜਾਣਕਾਰੀ ਦਿੰਦਿਆਂ ਸਮਾਜ ਸੇਵਕ ਨੰਬਰਦਾਰ ਇੰਦਰਜੀਤ ਸਿੰਘ ਬੰਬ ਨੇ ਦੱਸਿਆ ਕਿ ਜਗਦੇਵ ਕਲਾਂ ਦੀਆਂ ਸੰਗਤਾਂ ਵਲੋਂ ਮੈਡੀਕਲ ਕੈਂਪ ਵਿਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਤੋਂ ਇਲਾਵਾ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਲੰਗਰ ਦੀ ਸੇਵਾ, ਪੀਣ ਵਾਲਾ ਪਾਣੀ, ਰਾਹਤ ਸਮੱਗਰੀ ਦੀਆਂ ਸੇਵਾਵਾਂ ਵੀ ਕਈ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਹਨ | ਉਕਤ ਮੈਡੀਕਲ ਕੈਂਪ ਦੌਰਾਨ ਕਥਾਵਾਚਕ ਭਾਈ ਗੁਰਲਾਲ ਸਿੰਘ ਮੀਰਾਂਕੋਟ, ਨੰਬਰਦਾਰ ਭਾਈ ਇੰਦਰਜੀਤ ਸਿੰਘ ਬੰਬ ਜਗਦੇਵ ਕਲਾਂ, ਡਾ. ਸੁਖਪ੍ਰੀਤ ਸਿੰਘ, ਡਾ. ਇਕਬਾਲ ਸਿੰਘ, ਡਾ. ਰਣਜੀਤ ਸਿੰਘ ਜਗਦੇਵ ਕਲਾਂ, ਭਾਈ ਜੁਗਰਾਜ ਸਿੰਘ, ਬਾਬਾ ਕੁਲਦੀਪ ਸਿੰਘ, ਬਾਬਾ ਹੀਰਾ ਸਿੰਘ, ਬਾਬਾ ਗੁਰਭੇਜ ਸਿੰਘ, ਸੁਖਜਿੰਦਰ ਸਿੰਘ ਆਦਿ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ |