ਅੰਮਿ੍ਤਸਰ, 4 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਰ ਦੇ ਉਦਯੋਗਿਕ ਕੇਂਦਰ ਵਜੋਂ ਸਥਾਪਤ ਫੋਕਲ ਪੁਆਇੰਟ ਇਲਾਕੇ 'ਚ ਬਣਾਏ ਗਏ ਫਾਇਰ ਬਿ੍ਗੇਡ ਸਟੇਸ਼ਨ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਬਣੀ ਹੋਈ ਹੈ, ਜਿਸ ਕਾਰਨ ਇੱਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਮੁਤਾਬਕ ਉਕਤ ਇਲਾਕੇ 'ਚ ਨਿਗਮ ਵਲੋਂ ਦਹਾਕਿਆਂ ਪੁਰਾਣੀ ਇਕ ਇਮਾਰਤ 'ਚ ਫਾਇਰ ਬਿ੍ਗੇਡ ਸਟੇਸ਼ਨ ਬਣਾਇਆ ਗਿਆ ਹੈ, ਲੇਕਿਨ ਪਿਛਲੇ ਕੁਝ ਸਾਲਾਂ ਤੋਂ ਉਕਤ ਇਮਾਰਤ ਦੀ ਹਾਲਤ ਬਹੁਤ ਹੀ ਜ਼ਿਆਦਾ ਤਰਸਯੋਗ ਬਣੀ ਹੋਈ ਹੈ | ਇੱਥੇ ਕੰਮ ਕਰਦੇ ਮੁਲਾਜ਼ਮਾਂ ਦਿਲਬਾਗ ਸਿੰਘ ਐੱਫ. ਐੱਸ. ਓ., ਰੋਹਨ ਕਲਿਆਣ, ਕਰਨਦੀਪ ਸਿੰਘ, ਸੁਖਦੇਵ ਸਿੰਘ, ਦਮਨਮੀਤ, ਅੰਕਿਤ ਸਾਗਰ, ਸ਼ਰਨਜੀਤ ਸਿੰਘ ਨੇ ਦੱਸਿਆ ਕਿ ਫਾਇਰ ਬਿ੍ਗੇਡ ਸਟੇਸ਼ਨ ਦੀ ਇਮਾਰਤ ਦੀ ਹਾਲਤ ਬਹੁਤ ਮਾੜੀ ਹੋਈ ਪਈ ਹੈ | ਇਸ ਵਾਰ ਭਾਰੀ ਮੀਂਹ ਪੈਣ ਨਾਲ ਇਮਾਰਤ ਹੋਰ ਜ਼ਿਆਦਾ ਖਸਤਾ ਹੋ ਗਈ ਹੈ ਅਤੇ ਛੱਤਾਂ ਤੋਂ ਪਾਣੀ ਚੋਅ ਰਿਹਾ ਹੈ | ਉਨ੍ਹਾਂ ਕਿਹਾ ਕਿ ਕੰਧਾਂ 'ਚੋਂ ਕਰੰਟ ਵੀ ਆਉਣ ਲੱਗ ਪਿਆ ਹੈ, ਜਿਸ ਨਾਲ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਇਸ ਤੋਂ ਇਲਾਵਾ ਫਾਇਰ ਬਿ੍ਗੇਡ ਸਟੇਸ਼ਨ 'ਚ ਮੁਲਾਜ਼ਮਾਂ ਲਈ ਕੋਈ ਬਾਥਰੂਮ ਦੀ ਸਹੂਲਤ ਵੀ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੁਲਾਜ਼ਮਾਂ ਨੇ ਕਿਹਾ ਕਿ ਕਈ ਵਾਰ ਨਿਗਮ ਪ੍ਰਸ਼ਾਸਨ ਨੂੰ ਉਕਤ ਇਮਾਰਤ ਦੀ ਹਾਲਤ ਬਾਰੇ ਲਿਖਤੀ ਤੌਰ 'ਤੇ ਜਾਣੰੂ ਵੀ ਕਰਵਾ ਚੱੁਕੇ ਹਾਂ ਲੇਕਿਨ ਕੋਈ ਕਾਰਵਾਈ ਨਹੀਂ ਹੋ ਰਹੀ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਫਾਇਰ ਬਿ੍ਗੇਡ ਸਟੇਸ਼ਨ ਨੂੰ ਕਿਸੇ ਦੂਜੀ ਇਮਾਰਤ 'ਚ ਤਬਦੀਲ ਕੀਤਾ ਜਾਵੇ | ਦੂਜੇ ਪਾਸੇ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵੀ ਉਕਤ ਇਮਾਰਤ ਦਾ ਮੌਕੇ 'ਤੇ ਜਾਇਜ਼ਾ ਲਿਆ ਗਿਆ | ਇਸ ਦੌਰਾਨ ਉਨ੍ਹਾਂ ਮੁਲਾਜ਼ਮਾਂ ਨੂੰ ਭਰੋਸਾ ਦਵਾਇਆ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ |