ਅੰਮਿ੍ਤਸਰ, 4 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਵਿਖੇ ਝੋਨੇ ਅਤੇ ਬਾਸਮਤੀ ਦਾ ਸੀਜ਼ਨ ਤਾਂ ਭਾਵੇਂ ਸ਼ੁਰੂ ਹੋ ਗਿਆ ਹੈ ਪਰ ਇਸ ਲਈ ਲੋੜੀਂਦੇ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਦਾ ਵੱਡਾ ਅਵੇਸਲਾਪਣ ਸਾਹਮਣੇ ਆਇਆ ਹੈ, ਜਿਸ ਦੇ ਚਲਦਿਆਂ ਮੰਡੀ 'ਚ ਜਿਥੇ ਸੜਕਾਂ ਦੀ ਹਾਲਤ ਬੇਹੱਦ ਤਰਸਯੋਗ ਹੈ ਉਥੇ ਹੀ ਮੰਡੀ ਦੇ ਮੁੱਖ ਦਰਵਾਜ਼ੇ ਹੀ ਗਾਇਬ ਹਨ ਇਸ ਤੋਂ ਇਲਾਵਾ ਮੰਡੀ ਦੀ ਚਾਰਦਿਵਾਰੀ ਵੀ ਕਈ ਥਾਵਾਂ ਤੋਂ ਡਿੱਗੀ ਪਈ ਹੈ, ਜਿਸ ਦਾ ਖਮਿਆਜਾ ਆੜਤੀਆਂ ਅਤੇ ਕਿਸਾਨਾਂ ਨੂੰ ਆਪਣੀ ਫਸਲ ਚੋਰੀ ਕਰਵਾ ਕੇ ਭੁਗਤਣਾ ਪੈਂਦਾ ਹੈ | ਇਸ ਸੰਬੰਧੀ ਗੱਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ, ਜਨਰਲ ਸਕੱਤਰ ਗੁਰਭਿੰਦਰ ਸਿੰਘ ਮੰਮਣਕੇ, ਖ਼ਜ਼ਾਨਚੀ ਗੁਰਦੇਵ ਸਿੰਘ ਨੇ ਕਿਹਾ ਕਿ ਸੀਜ਼ਨ ਤੋਂ ਪਹਿਲਾਂ ਐਸੋਸੀਏਸ਼ਨ ਦੇ ਵਫਦ ਵਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਸੰਬੰਧਤ ਵਿਭਾਗਾਂ ਦੇ ਮੁੱਖੀਆਂ ਨਾਲ ਅਗਾਊਾ ਪ੍ਰਬੰਧਾਂ ਸੰਬੰਧੀ ਮੀਟਿੰਗਾਂ ਕਰਕੇ ਮੰਡੀਆਂ ਨਾਲ ਸੰਬੰਧਿਤ ਮੁੱਦੇ ਚੁੱਕੇ ਗਏ ਸਨ, ਜਿਸ 'ਚ ਸੜਕਾਂ ਦੀ ਮਾੜੀ ਹਾਲਾਤ, ਮੰਡੀਆਂ ਦੇ ਗੇਟ ਨਾ ਹੋਣ, ਥਾਂ-ਥਾਂ ਤੋਂ ਡਿੱਗੀ ਚਾਰਦਿਵਾਰੀ ਦੀ ਮੁਰੰਮਤ, ਚੋਰੀ ਦੀਆਂ ਘਟਨਾਵਾਂ ਆਦਿ ਸੰਬੰਧੀ ਵਿਸਥਾਰਤ ਚਰਚਾ ਕਰਦਿਆਂ ਮੰਗ ਪੱਤਰ ਦਿੱਤੇ ਗਏ ਸਨ, ਜਿਸ ਬਾਬਤ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਮੰਡੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਤੁਰੰਤ ਪ੍ਰਭਾਵ ਨਾਲ ਹੱਲ ਕਰ ਦਿੱਤਾ ਜਾਵੇਗਾ | ਛੀਨਾ ਨੇ ਕਿਹਾ ਕਿ ਕਈ ਹਫਤੇ ਪਹਿਲਾਂ ਕੀਤੀਆਂ ਇਨ੍ਹਾਂ ਮੀਟਿੰਗਾਂ ਦਾ ਅਜੇ ਤੱਕ ਕੋਈ ਵੀ ਸਾਰਥਿਕ ਨਤੀਜਾ ਸਾਹਮਣੇ ਨਹੀਂ ਆਇਆ | ਉਨ੍ਹਾਂ ਦੱਸਿਆ ਕਿ ਪੰਜਾਬ 'ਚ ਸਭ ਤੋਂ ਜ਼ਿਆਦਾ ਬਾਸਮਤੀ ਦੀ ਖ਼ਰੀਦ ਦਾਣਾ ਮੰਡੀ ਭਗਤਾਂਵਾਲਾ ਵਿਖੇ ਹੁੰਦੀ ਹੈ ਜਿਥੇ ਦੂਰ ਦੁਰਾਡੇ ਇਲਾਕਿਆਂ 'ਚੋਂ ਖ਼ਰੀਦਦਾਰ ਆਉਂਦੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀ 'ਚ ਸੀਜ਼ਨ ਦੌਰਾਨ ਆੜਤੀਆਂ ਦੀਆਂ ਦੁਕਾਨਾਂ ਨੂੰ ਚੋਰਾਂ ਵਲੋਂ ਵੱਡੀ ਸੰਨ੍ਹ ਲਗਾਈ ਜਾਂਦੀ ਹੈ, ਜਿਸ ਦੀ ਕੋਈ ਸੁਣਵਾਈ ਨਹੀਂ ਹੁੰਦੀ ਹੈ, ਸੜਕਾਂ ਦੀ ਪਿਛਲ਼ੇ 2 ਸਾਲਾਂ ਤੋਂ ਮੁਰੰਮਤ ਨਹੀਂ ਹੋਈ ਹੈ, ਜਿਸ ਕਰਕੇ ਖਸਤਾ ਹਾਲਤ ਸੜਕਾਂ 'ਚ ਡੂੰਘੇ ਟੋਏ ਪਏ ਹਨ | ਇਸ ਸੰਬੰਧੀ ਮਾਰਕੀਟ ਕਮੇਟੀ ਅੰਮਿ੍ਤਸਰ ਦੇ ਸਕੱਤਰ ਅਮਰਦੀਪ ਕੌੜਾ ਨੇ ਦੱਸਿਆ ਕਿ ਸੜਕਾਂ ਦਾ ਮੁਰੰਮਤ ਸੰਬੰਧੀ ਮਤਾ ਪਾ ਕੇ ਅਗਲੇਰੀ ਕਾਰਵਾਈ ਲਈ ਭੇਜਿਆ ਗਿਆ ਹੈ | ਇਸ ਸੰਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਪਰ ਰਾਬਤਾ ਕਾਇਮ ਨਹੀਂ ਹੋ ਸਕਿਆ |