ਅਜਨਾਲਾ, ਗੱਗੋਮਾਹਲ, ਰਮਦਾਸ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਜਿੱਥੇ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਅਤੇ ਗੁਆਂਢੀ ਰਾਜਾਂ ਤੋਂ ਇਲਾਵਾ ਵਿਦੇਸ਼ ਤੋਂ ਸਮਾਜਸੇਵੀ ਲੋਕ ਲੋੜਵੰਦਾਂ ਦੀ ਮਦਦ ਲਈ ਰਾਸ਼ਨ, ਦਵਾਈਆਂਤੇ ਲੋੜ ਦੀਆਂ ਹੋਰ ਚੀਜ਼ਾਂ ਲੈ ਕੇ ਪਹੁੰਚ ਰਹੇ ਹਨ, ਉਥੇ ਹੀ ਅੰਮਿ੍ਤਸਰ ਸ਼ਹਿਰ ਨਾਲ ਸੰਬੰਧਿਤ ਬਾਰ੍ਹਵੀਂ ਕਲਾਸ ਵਿਚ ਪੜ੍ਹਦੀ ਬੱਚੀ ਅਮਾਇਰਾ ਨੇ ਲੋੜਵੰਦ ਪਰਿਵਾਰ ਜਿਸ ਦਾ ਮੁਖੀ ਕਿਡਨੀ ਦੀ ਬਿਮਾਰੀ ਤੋਂ ਪੀੜਤ ਹੈ, ਲਈ ਕੰਟੇਨਰ ਹੋਮ ਦੇ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ | ਹਲਕਾ ਅਜਨਾਲਾ ਦੇ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਇਲਾਕਾ ਰਮਦਾਸ ਵਿਖੇ ਕੰਟੇਨਰ ਹੋਮ ਲੈ ਕੇ ਪੁੱਜੀ ਬੱਚੀ ਅਮਾਇਰਾ ਅਤੇ ਉਸਦੇ ਪਿਤਾ ਰਾਘਵ ਮਹਿਰਾ ਨੂੰ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਐੱਸ. ਡੀ. ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਜੀ ਆਇਆ ਕਹਿੰਦਿਆਂ ਸ਼ਾਬਾਸ਼ ਦਿੱਤੀ | ਇਸ ਮੌਕੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਵਿਦਿਆਰਥਣ ਅਮਾਇਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੈਂ ਆਪਣੇ ਸਕੂਲ ਵਲੋਂ ਰਮਦਾਸ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਈ ਸੀ ਤਾਂ ਵੇਖਿਆ ਕਿ ਲੋਕਾਂ ਨੂੰ ਖਾਣ ਅਤੇ ਰਾਸ਼ਨ ਦੀ ਸਹੂਲਤ ਤਾਂ ਬਹੁਤ ਸੀ ਪਰ ਜਿਨ੍ਹਾਂ ਲੋਕਾਂ ਦੇ ਘਰ ਪਾਣੀ ਨੇ ਢਾਹ ਦਿੱਤੇ ਸਨ, ਉਹ ਬਹੁਤ ਮਾਯੂਸ ਸਨ | ਉਸ ਨੇ ਦੱਸਿਆ ਕਿ ਮੈਂ ਉਸ ਦਿਨ ਇਹ ਇਰਾਦਾ ਕੀਤਾ ਸੀ ਕਿ ਮੈਂ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਨੂੰ ਘਰ ਬਣਾ ਕੇ ਦੇਵਾਂਗੀ | ਉਸ ਨੇ ਦੱਸਿਆ ਕਿ ਇਹ ਘਰ ਲੁਧਿਆਣਾ ਤੋਂ ਕਰੀਬ 5:50 ਲੱਖ ਰੁਪਏ ਦੀ ਕੀਮਤ ਨਾਲ 15 ਦਿਨਾਂ ਵਿਚ ਤਿਆਰ ਹੋਇਆ ਹੈ ਅਤੇ ਇਸ ਵਿਚ ਘਰ ਵਰਗੀ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ | ਉਸ ਨੇ ਦੱਸਿਆ ਕਿ ਮੇਰਾ ਇਹ ਉਪਰਾਲਾ ਨਿਰੰਤਰ ਜਾਰੀ ਰਹੇਗਾ ਅਤੇ ਮੈਂ ਹੋਰ ਵੀ ਲੋਕਾਂ ਲਈ ਕੰਟੇਨਰ ਹੋਮ ਦਾ ਪ੍ਰਬੰਧ ਕਰਾਂਗੀ | ਇਸ ਮੌਕੇ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅਮਾਇਰਾ ਦੀ ਸੋਚ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਬੱਚੀ ਵਧਾਈ ਦੀ ਪਾਤਰ ਹੈ | ਇਸ ਮੌਕੇ ਐੱਸ. ਡੀ. ਐੱਮ. ਰਵਿੰਦਰ ਸਿੰਘ ਅਰੋੜਾ, ਪ੍ਰਧਾਨ ਹਰਪਾਲ ਸਿੰਘ ਸਿੰਧੀ ਰਮਦਾਸ, ਕੰਵਲਜੀਤ ਸਿੰਘ ਗਿੱਲ ਪੈੜੇਵਾਲ, ਜੇ. ਪੀ. ਕੋਟ ਰਜ਼ਾਦਾ ਤੇ ਪੀ.ਏ ਮੁਖਤਿਆਰ ਸਿੰਘ ਆਦਿ ਹਾਜ਼ਰ ਸਨ |