ਅੰਮਿ੍ਤਸਰ, 24 ਸਤੰਬਰ (ਹਰਮਿੰਦਰ ਸਿੰਘ)-ਤਿਉਹਾਰਾਂ ਦੌਰਾਨ ਹਰ ਪਾਸੇ ਸਫ਼ਾਈ ਦਿਖਾਈ ਦਿੰਦੀ ਹੈ | ਕਿਸੇ ਪਾਸੇ ਰੰਗ ਬਰੰਗੀਆਂ ਰੋਸ਼ਨੀਆਂ, ਲੋਕ ਆਪਣੇ ਘਰਾਂ ਨੂੰ ਵਪਾਰਿਕ ਅਦਾਰਿਆਂ ਨੂੰ ਚਮਚਮਾਉਂਦਾ ਰੱਖਦੇ ਹਨ ਪਰ ਇਸ ਵੇਲੇ ਤਿਉਹਾਰਾਂ ਦੇ ਸੀਜ਼ਨ ਵਿਚ ਸਫ਼ਾਈ ਵਿਵਸਥਾ ਨੂੰ ਲੈ ਕੇ ਸ਼ਹਿਰ ਦੀ ਮੰਦੀ ਹਾਲਤ ਹੈ | ਥਾਂ ਥਾਂ 'ਤੇ ਲੱਗੇ ਕੂੜੇ ਦੀ ਢੇਰ ਨਿਗਮ ਦੀ ਕਿਰਕਰੀ ਕਰ ਰਹੇ ਹਨ | ਨਿਗਮ ਪ੍ਰਸ਼ਾਸਨ ਵਲੋਂ ਸਫ਼ਾਈ ਦੀ ਮੰਦੀ ਹਾਲਤ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਇਕ ਦਮ ਕੂੜਾ ਚੁੱਕਣ ਵਾਲੀ ਕੰਪਨੀ ਦੇ ਭੱਜ ਜਾਣ ਤੋਂ ਬਾਅਦ ਨਿਗਮ ਦੀ ਸਫ਼ਾਈ ਨੂੰ ਲੈ ਕੇ ਸਿਰਦਰਦੀ ਵੱਧ ਗਈ ਹੈ | ਸ਼ਹਿਰ 'ਚ ਥਾਂ ਥਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ | ਇਸ ਸੰਬੰਧ ਵਿਚ ਗੱਲਬਾਤ ਕਰਦੇ ਹੋਏ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਨਵੀਂ ਕੰਪਨੀ ਵਲੋਂ ਸ਼ਹਿਰ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਨਿਗਮ ਵਲੋਂ ਸ਼ਹਿਰ ਦੀ ਸਵੇਰੇ ਅਤੇ ਸ਼ਾਮ ਦਿਨ ਨੂੰ ਦੋ ਵਾਰ ਸਫ਼ਾਈ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਹੁਣ ਰਾਤ ਨੂੰ ਵੀ ਨਿਗਮ ਦੀਆਂ ਟਰਾਲੀਆਂ ਸੜਕਾਂ, ਬਾਜ਼ਾਰਾਂ ਵਿਚੋਂ ਕੂੜਾ ਚੁਕਣਗੀਆਂ |