ਅੰਮਿ੍ਤਸਰ, 24 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਹਲਕਾ ਅਟਾਰੀ ਤੋਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਪੰਜਾਬ ਦੇ ਦੇਣ ਲਈ ਵੱਡਾ ਕਦਮ ਚੁੱਕਿਆ ਗਿਆ ਹੈ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਪੰਜਾਬ ਦਾ ਹਰ ਪਰਿਵਾਰ ਮੁਫ਼ਤ ਤੇ ਕੈਸ਼ਲੈੱਸ ਇਲਾਜ ਦਾ ਹੱਕਦਾਰ ਹੋਵੇਗਾ | ਰਮਦਾਸ ਨੇ ਕਿਹਾ ਕਿ ਇਸ ਸਕੀਮ ਅਧੀਨ ਰਜਿਸਟ੍ਰੇਸ਼ਨ ਸ਼ੁਰੂ ਕਰਨ ਲਈ 23 ਸਤੰਬਰ ਤੋਂ ਤਰਨ ਤਾਰਨ ਅਤੇ ਬਰਨਾਲਾ 'ਚ ਕੈਂਪ ਸ਼ੁਰੂ ਹੋ ਗਏ ਹਨ, ਜਿਥੇ ਲੋਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣਗੇ | ਇਹ ਕੈਂਪ ਦੋਵਾਂ ਜ਼ਿਲਿ੍ਹਆਂ 'ਚ 2 ਤੋਂ 3 ਦਿਨ ਲਗਾਤਾਰ ਲਗਾਏ ਜਾਣਗੇ | ਰਮਦਾਸ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਲਿਆਂਦਾ ਗਿਆ ਇਹ ਇਤਿਹਾਸਕ ਫ਼ੈਸਲਾ ਪੰਜਾਬ ਨੂੰ ਦੇਸ਼ ਦਾ ਪਹਿਲਾ ਸੂਬਾ ਬਣਾਉਂਦਾ ਹੈ, ਜਿਥੇ ਹਰ ਪਰਿਵਾਰ ਨੂੰ 10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਗਾਰੰਟੀ ਮਿਲੇਗੀ | ਸਰਕਾਰ ਦੇ ਇਸ ਇਨਕਲਾਬੀ ਕਦਮ ਨਾਲ ਗਰੀਬ ਅਤੇ ਮੱਧਵਰਗ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ |