ਅੰਮਿ੍ਤਸਰ, 24 ਸਤੰਬਰ (ਜੱਸ)-ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਅਤੇ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਸਹਿਤ ਮਨਾਇਆ ਗਿਆ | ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਰਨੈਲ ਸਿੰਘ ਕੋਹਾੜਕਾ ਦੇ ਹਜ਼ੂਰੀ ਰਾਗੀ ਜਥੇ ਵਲੋਂ ਗੁਰਬਾਣੀ ਕੀਰਤਨ ਗਾਇਣ ਕੀਤਾ ਗਿਆ | ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਪਲਵਿੰਦਰਪਾਲ ਸਿੰਘ ਨੇ ਭਾਈ ਲਾਲੋ ਜੀ ਦੇ ਜੀਵਨ ਸੰਬੰਧੀ ਗੁਰਮਤਿ ਵਿਚਾਰਾਂ ਸਰਵਨ ਕਰਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸਮਾਜ ਲਈ ਇਕ ਸੁਚੱਜਾ ਮਾਰਗ ਦਰਸ਼ਨ ਹੈ, ਜਿਸ ਤੋਂ ਅਗਵਾਈ ਲੈ ਕੇ ਧਰਮ ਦੀ ਕਿਰਤ ਕਰਦਿਆਂ ਕਰਤਾ ਪੁਰਖ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ | ਉਨ੍ਹਾਂ ਸੰਗਤਾਂ ਨੂੰ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਵਲੋਂ ਬਖਸ਼ੇ ਸਿਧਾਂਤ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਕੀਤੀ | ਇਸ ਮੌਕੇ ਅਰਦਾਸੀਏ ਭਾਈ ਗੁਰਚਰਨ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ, ਵਧੀਕ ਮੈਨੇਜਰ ਇਕਬਾਲ ਸਿੰਘ ਮੁਖੀ, ਬਿਕਰਮਜੀਤ ਸਿੰਘ ਝੰਗੀ, ਪ੍ਰਚਾਰਕ ਭਾਈ ਤਰਸੇਮ ਸਿੰਘ, ਭਾਈ ਸਤਵੰਤ ਸਿੰਘ, ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਤੋਂ ਹਰਜੀਤ ਸਿੰਘ ਰਾਮਗੜ੍ਹੀਆ, ਬਲਵਿੰਦਰ ਸਿੰਘ ਕਲਸੀ, ਜਗਜੀਤ ਸਿੰਘ ਸੱਗੂ, ਰਾਮ ਸਿੰਘ ਧੀਮਾਨ ਤੇ ਕੰਵਰਬੀਰ ਸਿੰਘ ਮੰਜ਼ਲ ਸਮੇਤ ਹੋਰ ਸੰਗਤਾਂ ਅਤੇ ਰਾਮਗੜੀਆ ਭਾਈਚਾਰੇ ਦੇ ਆਗੂ ਹਾਜ਼ਰ ਸਨ |