ਸੁਲਤਾਨਵਿੰਡ, 25 ਸਤੰਬਰ (ਗੁਰਨਾਮ ਸਿੰਘ ਬੁੱਟਰ)-ਹਲਕਾ ਦੱਖਣੀ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਦੇ ਆਲੇ-ਦੁਆਲੇ ਸੜਕਾਂ 'ਤੇ ਲੱਗੇ ਕੂੜੇ ਦੇ ਵੱਡੇ ਢੇਰ ਇਲਾਕਾ ਨਿਵਾਸੀਆਂ ਲਈ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ | ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓ. ਬੀ. ਸੀ. ਪ੍ਰਧਾਨ ਸਰਬਜੀਤ ਸਿੰਘ ਸੋਨੂ ਜੰਡਿਆਲਾ ਨੇ ਇਸ ਮਸਲੇ ਨੂੰ ਚੁੱਕਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਾਫ ਸਫਾਈ ਵੱਲ ਧਿਆਨ ਨਾ ਦਿੱਤਾ ਤਾ ਦਫਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ | ਸੋਨੂ ਜੰਡਿਆਲਾ ਨੇ ਕਿਹਾ ਕਿ ਭਗਤਾਂ ਵਾਲੇ ਡੰਪ 'ਤੇ ਕੂੜੇ ਦੇ ਪਹਾੜ ਇਲਾਕਾ ਨਿਵਾਸੀਆਂ ਲਈ ਬਿਮਾਰੀਆਂ ਫ਼ੈਲਾਉਣ ਦੇ ਖ਼ਤਰੇ ਨਾਲ-ਨਾਲ ਵੋਟਾਂ ਵੇਲੇ ਸਿਰਫ ਰਾਜਨੀਤਿਕ ਅੱਡਾ ਬਣਾਉਂਦੇ ਹਨ | ਪਵਿੱਤਰ ਨਹਿਰ, ਜਿੱਥੋਂ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਮਿਲਦਾ ਹੈ, ਅਤੇ ਦੁਰਗਿਆਣਾ ਮੰਦਰ ਵੀ ਇਸ ਘਟਨਾਕ੍ਰਮ ਨਾਲ ਪ੍ਰਭਾਵਿਤ ਹੋ ਰਹੇ ਹਨ | ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪਵਿੱਤਰ ਸਥਾਨਾਂ ਨੂੰ ਜਾਣ ਵਾਲੇ ਰਸਤਿਆਂ ਤੋਂ ਕੂੜਾ ਨਹੀਂ ਹਟਾਇਆ ਗਿਆ, ਤਾਂ ਉਹ ਪ੍ਰਸ਼ਾਸਨ ਖ਼ਿਲਾਫ਼ ਘਰਾਓ ਅਤੇ ਵੱਡੇ ਪੱਧਰ 'ਤੇ ਮੁਹਿੰਮ ਚਲਾਉਣਗੇ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਨਜ਼ਰ ਆ ਰਹੀ ਹੈ | ਜੇਕਰ ਮੁਲਾਜ਼ਮਾਂ ਦੀ ਘਾਟ ਹੈ, ਤਾਂ ਨਵੀਂ ਭਰਤੀ ਕੀਤੀ ਜਾਵੇ ਅਤੇ ਜਿਹੜੇ ਕਰਮਚਾਰੀ ਕੱਚੇ ਹਨ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ | ਉਨ੍ਹਾਂ ਨੇ ਕਾਂਗਰਸ ਹਾਈ ਕਮਾਂਡ, ਵਿਧਾਨ ਸਭਾ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਇਸ ਮਾਮਲੇ ਵਿਚ ਸ਼ਾਮਿਲ ਕਰਕੇ ਇਹ ਮਸਲਾ ਹੱਲ ਕਰਵਾਉਣ ਦਾ ਵਾਅਦਾ ਕੀਤਾ | ਉਨ੍ਹਾ ਲੋਕਾਂ ਨੂੰ ਇਹ ਯਕੀਨ ਦਿਵਾਇਆ ਕਿ ਜ਼ਮੀਨੀ ਹਕੀਕਤ ਦੇਖਦਿਆਂ ਉਹ ਪਿੱਛੇ ਨਹੀਂ ਹਟਣਗੇ | ਇਲਾਕਾ ਨਿਵਾਸੀਆਂ ਦੀ ਸਿਹਤ ਅਤੇ ਪਵਿੱਤਰਤਾ ਬਚਾਉਣ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ | ਜੇਕਰ ਇਹ ਮੁੱਦਾ ਜਲਦ ਹੱਲ ਨਹੀਂ ਹੋਇਆ, ਤਾਂ ਅਸੀਂ ਹਰ ਹਲਕੇ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਿੰਨੀ ਛੇਤੀ ਹੋ ਸਕੇ ਕੂੜੇ ਦੇ ਢੇਰਾਂ ਨੂੰ ਹਟਾਇਆ ਜਾਵੇ |
ਸੁਲਤਾਨਵਿੰਡ ਪੁਲ 'ਤੇ ਲੱਗੇ ਕੂੜੇ ਦੇ ਢੇਰਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਪ੍ਰਸ਼ਾਸਨ ਖ਼ਿਲਾਫ਼ ਲਗਾਇਆ ਜਾਵੇਗਾ ਧਰਨਾ-ਸੋਨੂੰ ਜੰਡਿਆਲਾ <br/>
ਸੁਲਤਾਨਵਿੰਡ ਨਹਿਰ ਕੰਢੇ ਲੱਗੇ ਕੂੜੇ ਦੇ ਢੇਰਾਂ ਨੂੰ ਦਿਖਾਉਂਦੇ ਹੋਏ ਸੋਨੂੰ ਜੰਡਿਆਲਾ ਤੇ ਹੋਰ | ਤਸਵੀਰ : ਗੁਰਨਾਮ ਸਿੰਘ ਬੁੱਟਰ<br/>
26-09-2025