ਸੁਲਤਾਨਵਿੰਡ, 2 ਨਵੰਬਰ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਜਲੰਧਰ ਹਾਈਵੇ ਸਥਿਤ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਦੀਵਾਲੀ ਮੌਕੇ ਪਟਾਕਿਆਂ ਦੇ ਥੋਕ ਦੁਕਾਨਦਾਰਾਂ ਵਲੋਂ ਲਗਾਈਆਂ ਗਈਆਂ ਅਸਥਾਈ ਦੁਕਾਨਾਂ ਉਥੋਂ ਚੁੱਕ ਤਾਂ ਲਈਆਂ ਗਈਆਂ ਹਨ ਪਰ ਇਨ੍ਹਾਂ ਦੁਕਾਨਾ ਕਰਕੇ ਉਥੇ ਇਕੱਠਾ ਹੋਇਆ ਕੂੜਾ ਕਰਕਟ ਉੱਥੇ ਹੀ ਪਿਆ ਹੈ ਜੋ ਸਥਾਨਕ ਵਾਸੀਆਂ ਦੇ ਘਰਾਂ 'ਚ ਹਵਾ ਨਾਲ ਉੱਡ ਕੇ ਜਾ ਰਿਹਾ ਹੈ, ਜਿਸ ਕਰਕੇ ਇਲਾਕਾ ਵਾਸੀ ਡਾਹਢੇ ਪ੍ਰੇਸ਼ਾਨ ਹਨ | ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਭੀੜ ਭੜੱਕੇ ਵਾਲੇ ਇਲਾਕੇ ਵਿਚ ਦੀਵਾਲੀ ਮੌਕੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਦੇ ਖੁਲੇ ਇਲਾਕੇ ਵਿਚ ਪਟਾਕਿਆਂ ਦੇ ਥੋਕ ਦੁਕਾਨਦਾਰਾਂ ਨੂੰ ਅਸਥਾਈ ਦੁਕਾਨਾਂ ਦੀ ਅਲਾਟਮੈਂਟ ਗਈ ਸੀ | ਦੁਕਾਨਦਾਰਾਂ ਨੇ ਦੀਵਾਲੀ ਤੋਂ ਬਾਅਦ ਉਥੋਂ ਦੁਕਾਨਾਂ ਤਾਂ ਚੁੱਕ ਲਈਆਂ ਪਰ ਉਥੋਂ ਦੀ ਸਾਫ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਟਾਕਿਆਂ ਦੇ ਥੋਕ ਦੁਕਾਨਦਾਰਾਂ ਅਤੇ ਪ੍ਰਸ਼ਾਸਨ ਨੇ ਉਥੋਂ ਮੋਟੀ ਕਮਾਈ ਤਾਂ ਕਰ ਲਈ ਪਰ ਸਥਾਨਕ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿੱਤਾ | ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਜਗ੍ਹਾ ਦੀ ਤੁਰੰਤ ਸਾਫ ਸਫਾਈ ਕਰਵਾਈ ਜਾਵੇ |
ਦੀਵਾਲੀ ਮੌਕੇ ਪਟਾਕਿਆਂ ਦੀਆਂ ਥੋਕ ਦੁਕਾਨਾਂ ਵਾਲਿਆਂ ਨੇ ਛੱਡਿਆ ਭਾਰੀ ਕੂੜਾ ਕਰਕਟ
ਅਜੀਤ ਡੈਸਕ
03-11-2025