ਅੰਮਿ੍ਤਸਰ, 21 ਨਵੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੇ ਨਵੇਂ ਹਾਊਸ ਦੇ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅੱਜ ਪਹਿਲੀ ਵਾਰ ਨਿਗਮ ਦਫ਼ਤਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਮੇਅਰ ਅਤੇ ਕੌਂਸਲਰਾਂ ਨਾਲ ਬੈਠਕ ਕੀਤੀ | ਇਸ ਦੌਰਾਨ ਕੂੜਾ ਚੁਕਣ ਵਾਲੀ ਨਵੀਂ ਆਈ ਕੰਪਨੀ ਦੇ ਕੰਮ ਕਰਨ ਸੰਬੰਧੀ ਤਿਆਰ ਕੀਤੀ ਰੂਪਰੇਖਾ ਸੰਬੰਧੀ ਕੌਂਸਲਰਾਂ ਨੂੰ ਜਾਣੂੰ ਕਰਵਾਇਆ ਗਿਆ | ਇਸ ਦੌਰਾਨ ਭਾਵੇਂ ਕਿ ਪੱਤਰਕਾਰਾਂ ਨੂੰ ਦੂਰ ਰੱਖਿਆ ਗਿਆ ਪਰ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਸਿਸੋਦੀਆ ਦਾ ਇਹ ਦੌਰਾ ਕੇਵਲ ਕੰਪਨੀ ਦੇ ਕੰਮ ਕਰਨ ਲਈ ਤਿਆਰ ਕੀਤੀ ਰੂਪ ਰੇਖਾ ਦੀ ਵੀਡਿਓ ਦਿਖਾਉਣ ਤੱਕ ਹੀ ਸੀਮਿਤ ਰਿਹਾ | ਇਸ ਦੌਰਾਨ ਨਾ ਤਾਂ ਮੇਅਰ ਵਲੋਂ ਕਿਸੇ ਕੌਂਸਲਰ ਦੀ ਸ੍ਰੀ ਸਿਸੋਦੀਆ ਨੂੰ ਜਾਣ ਪਹਿਚਾਣ ਕਰਵਾਈ ਅਤੇ ਨਾ ਹੀ ਸ਼ਹਿਰ 'ਚ ਹੋਣ ਵਾਲੇ ਕੰਮਾਂ ਸੰਬੰਧੀ ਹੀ ਕੋਈ ਗੱਲ ਰੱਖੀ | ਇਸ ਦੌਰਾਨ ਸ੍ਰੀ ਸਿਸੋਦੀਆ ਨੇ ਕੌਂਸਲਰਾਂ ਨੂੰ ਸਫ਼ਾਈ ਵਿਵਸਥਾ ਲਈ ਕੰਪਨੀ ਨੂੰ ਸਹਿਯੋਗ ਕਰਨ ਲਈ ਕਿਹਾ | ਇਸ ਤੋਂ ਪਹਿਲਾ ਨਗਰ ਨਿਗਮ ਦਫ਼ਤਰ ਵਿਖੇ ਪਹੁੰਚਣ 'ਤੇ ਸ੍ਰੀ ਸਿਸੋਦੀਆ ਦਾ ਸਥਾਨਕ ਸਰਕਾਰਾਂ ਮੰਤਰੀ ਡਾ: ਰਵਜੋਤ ਸਿੰਘ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ 'ਤੇ ਮੇਅਰ ਜਤਿੰਦਰ ਸਿੰਘ ਭਾਟੀਆ, ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ, ਸੀਨੀਅਰ ਡਿਪਟੀ ਮੇਅਰ ਪਿ੍ਅੰਕਾ ਸ਼ਰਮਾ, ਆਮ ਆਦਮੀ ਪਾਰਟੀ ਆਗੂ ਕਮਲ ਕੁਮਾਰ ਵੀ ਮੌਜੂਦ ਸਨ |