ਅੰਮਿ੍ਤਸਰ, 22 ਨਵੰਬਰ (ਸੁਰਿੰਦਰ ਕੋਛੜ)-ਪੰਜਾਬ 'ਚ ਕਾਰੋਬਾਰ ਅਤੇ ਉਦਯੋਗਿਕ ਵਿਸਥਾਰ ਨੂੰ ਉਤਸ਼ਾਹਿਤ ਕਰਨ ਦੇ ਯਤਨ ਵਜੋਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ 19ਵੇਂ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ-2025) ਦਾ ਲੋਗੋ ਅਧਿਕਾਰਤ ਤੌਰ 'ਤੇ ਜਾਰੀ ਕੀਤਾ | 19ਵੇਂ ਪਾਈਟੈਕਸ ਦੇ ਇਸ ਪਹਿਲੇ ਪ੍ਰੋਗਰਾਮ 'ਚ ਉਦਯੋਗ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਆਈ. ਏ. ਐੱਸ. ਕੇ. ਕੇ. ਯਾਦਵ, ਉਦਯੋਗ ਵਿਭਾਗ ਦੀ ਡਾਇਰੈਕਟਰ ਸੁਰਭੀ ਮਲਿਕ, ਪੰਜਾਬ ਇਨਫੋਟੈਕ ਦੇ ਐੱਮ. ਡੀ. ਆਈ. ਏ. ਐੱਸ. ਜਸਪ੍ਰੀਤ ਸਿੰਘ, ਪੀ. ਐੱਚ. ਡੀ. ਸੀ. ਸੀ. ਆਈ. ਪੰਜਾਬ ਦੇ ਚੇਅਰ ਕਰਨ ਗਿਲਹੋਤਰਾ, ਸੀਨੀਅਰ ਰੀਜ਼ਨਲ ਨਿਰਦੇਸ਼ਕ ਭਾਰਤੀ ਸੂਦ ਮੌਜੂਦ ਸਨ | ਇਸ ਮੌਕੇ ਬੋਲਦਿਆਂ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਦੇ ਇਕੋਨਾਮਿਕ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਪਾਈਟੈਕਸ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਇਹ ਐਕਸਪੋ ਨੇ ਲਗਾਤਾਰ ਇੰਡਸਟ੍ਰੀਅਲ ਗ੍ਰੋਥ, ਟ੍ਰੇਡ ਨੂੰ ਸੌਖਾ ਬਣਾਉਣ ਅਤੇ ਇੰਟਰਨੈਸ਼ਨਲ ਸਹਿਯੋਗ ਲਈ ਇਕ ਕੈਟਲਿਸਟ ਵਜੋਂ ਕੰਮ ਕੀਤਾ ਹੈ, ਜਿਸ ਨਾਲ ਸਾਲ ਦਰ ਸਾਲ ਕਈ ਸੈਕਟਰਾਂ ਦੇ ਲੋਕ ਜੁੜ ਰਹੇ ਹਨ | ਪੀ. ਐਚ. ਡੀ. ਚੈਬਰ ਪੰਜਾਬ ਦੇ ਚੇਅਰ ਕਰਨ ਗਿਲਹੋਤਰਾ ਨੇ ਦੱਸਿਆ ਕਿ ਪਾਈਟੈਕਸ 2025 'ਚ 600 ਤੋਂ ਵੱਧ ਐਗਜ਼ੀਬਿਟਰ, 4 ਦੇਸ਼ਾਂ ਦੇ ਡੈਲੀਗੇਸ਼ਨ ਅਤੇ 6 ਭਾਰਤੀ ਰਾਜਾਂ ਤੋਂ ਲੋਕ ਸ਼ਾਮਲ ਹੋਣਗੇ | ਇਸ ਸਾਲ 4 ਲੱਖ ਤੋਂ ਵੱਧ ਵਿਜ਼ੀਟਰ ਦੇ ਆਉਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਇਹ ਮੈਗਾ ਈਵੈਂਟ 4-8 ਦਸੰਬਰ ਤੱਕ ਅੰਮਿ੍ਤਸਰ 'ਚ ਹੋਵੇਗਾ, ਜਿਸ ਦੀ ਪੰਜਾਬ ਸਰਕਾਰ ਹੋਸਟ ਸਟੇਟ ਹੋਵੇਗੀ | ਉਦਯੋਗ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਕੇ.ਕੇ. ਯਾਦਵ ਨੇ ਕਿਹਾ ਕਿ ਪਾਈਟੈਕਸ ਨੇ ਪੰਜਾਬ ਨੂੰ ਇਨਵੈਸਟਮੈਂਟ ਅਤੇ ਐਂਟਰਪ੍ਰਾਈਜ਼ ਲਈ ਇਕ ਅਗਾਂਹਵਧੂ ਸੋਚ ਵਾਲਾ ਸਥਾਨ ਬਣਾਉਣ ਵਿੱਚ ਬਹੁਤ ਮਦਦ ਕੀਤੀ ਹੈ, ਜਦੋਂ ਕਿ ਸ਼੍ਰੀਮਤੀ ਭਾਰਤੀ ਸੂਦ ਨੇ ਪੰਜਾਬ ਸਰਕਾਰ ਤੋਂ ਮਿਲ ਰਹੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ |