ਅਜਨਾਲਾ, 22 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਸਵੇਰੇ ਕਰੀਬ 8 ਵਜੇ ਅਜਨਾਲਾ ਦੇ ਹਸਪਤਾਲ ਤੋਂ ਦਵਾਈ ਲੈਣ ਆ ਰਹੀ ਚਾਚੀ ਭਤੀਜੇ ਨੂੰ ਇੱਕ ਤੇਜ਼ ਰਫ਼ਤਾਰ ਅਣਪਛਾਤੀ ਗੱਡੀ ਵਲੋਂ ਟੱਕਰ ਮਾਰ ਦੇਣ ਨਾਲ ਉਕਤ ਚਾਚੀ ਭਤੀਜੇ ਦੀ ਮੌਕੇ 'ਤੇ ਮੌਤ ਹੋ ਗਈ | ਥਾਣਾ ਅਜਨਾਲਾ ਵਿਖੇ ਪੁਲਿਸ ਕਾਰਵਾਈ ਕਰਵਾਉਣ ਪਹੁੰਚੇ ਮਿ੍ਤਕ ਮਹਿਲਾ ਲਖਵਿੰਦਰ ਕੌਰ (45) ਦੇ ਪਤੀ ਸਵਰਨ ਸਿੰਘ ਵਾਸੀ ਪਿੰਡ ਮਹਿਲਾਂਵਾਲਾ ਨੇ ਰੋਂਦਿਆਂ ਕੁਰਲਾਉਂਦਿਆਂ ਦੱਸਿਆ ਕਿ ਮੇਰੀ ਪਤਨੀ ਅੱਜ ਸਵੇਰੇ ਭਤੀਜੇ ਲਵਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੂੰ ਲੈ ਕੇ ਮੋਟਰਸਾਈਕਲ ਰਾਹੀਂ ਅਜਨਾਲਾ ਜਾ ਰਹੀ ਸੀ ਤਾਂ ਜਦੋਂ ਉਨ੍ਹਾਂ ਦਾ ਮੋਟਰਸਾਈਕਲ ਪਿੰਡ ਭੋਏਵਾਲੀ ਨਜ਼ਦੀਕ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਮੋਟਰਸਾਈਕਲ ਤੋਂ ਹੇਠਾਂ ਸੜਕ 'ਤੇ ਡਿੱਗ ਪਏ ਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਉਨ੍ਹਾਂ ਦੱਸਿਆ ਕਿ ਦੋਵਾਂ ਦੇ ਸੱਟਾਂ ਜ਼ਿਆਦਾ ਲੱਗ ਜਾਣ ਕਾਰਨ ਮੇਰੀ ਪਤਨੀ ਅਤੇ ਭਤੀਜੇ ਦੀ ਮੌਕੇ 'ਤੇ ਮੌਤ ਹੋ ਗਈ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਸਾਡੇ 2 ਜੀਆਂ ਨੂੰ ਟੱਕਰ ਮਾਰਨ ਵਾਲੀ ਗੱਡੀ ਦੀ ਪਹਿਚਾਣ ਕਰਕੇ ਉਸ ਦੇ ਚਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ | ਉਨ੍ਹਾਂ ਇਹ ਵੀ ਦੱਸਿਆ ਕਿ ਮੇਰੀਆਂ 7 ਧੀਆਂ ਅਤੇ ਇੱਕ ਪੁੱਤਰ ਹੈ ਜਿਨ੍ਹਾਂ ਦਾ ਪਾਲਣ ਪੋਸ਼ਣ ਮੇਰੀ ਪਤਨੀ ਵਲੋਂ ਕੀਤਾ ਜਾਂਦਾ ਸੀ ਕਿਉਂਕਿ ਮੈਂ ਵੀ ਕਾਫੀ ਬਿਮਾਰ ਰਹਿੰਦਾ ਹਾਂ | ਇਸ ਸੜਕ ਹਾਦਸੇ ਸੰਬੰਧੀ ਜਦ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਸਬ-ਇੰਸ: ਹਰਚੰਦ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਅਣਪਛਾਤੇ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਟੀਮਾਂ ਵਲੋਂ ਵੱਖ-ਵੱਖ ਥਾਵਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਗੱਡੀ ਦੀ ਪਹਿਚਾਣ ਕਰਕੇ ਉਸ ਦੇ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਦੋਵਾਂ ਮਿ੍ਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ |