ਅੰਮਿ੍ਤਸਰ, 7 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਦਿਆਂ ਪਾਰਟੀ ਦੁਆਰਾ ਕੀਤੇ ਗਏ ਚੋਣ ਬਾਈਕਾਟ ਦੇ ਐਲਾਨ ਨੂੰ ਉਸਦੀ ਹਾਰ ਦਾ ਡਰ ਦੱਸਿਆ ਅਤੇ ਕਿਹਾ ਕਿ ਪੰਜਾਬ ਦੀ ਰਾਜਨੀਤੀ 'ਚ 'ਧੱਕੇਸ਼ਾਹੀ' ਅਤੇ 'ਵਿਸ਼ਵਾਸਘਾਤ' ਦਾ ਇਤਿਹਾਸ ਜੇਕਰ ਕਿਸੇ ਨੇ ਲਿਖਿਆ ਹੈ, ਤਾਂ ਉਹ ਕਾਂਗਰਸ ਨੇ ਲਿਖਿਆ ਹੈ ਅਤੇ ਅੱਜ ਇਹੀ ਪਾਰਟੀ ਨੈਤਿਕਤਾ ਦਾ ਪਾਠ ਪੜ੍ਹਾ ਰਹੀ ਹੈ | ਧਾਲੀਵਾਲ ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਉਹ ਅੰਮਿ੍ਤਸਰ ਦਿਹਾਤੀ ਦੇ ਕਿਸੇ ਵੀ ਇਲਾਕੇ ਤੋਂ ਧੱਕੇਸ਼ਾਹੀ ਦਾ ਇਕ ਵੀ ਸਬੂਤ ਜਨਤਾ ਦੇ ਸਾਹਮਣੇ ਲਿਆਵੇ | ਸਚਾਈ ਇਹ ਹੈ ਕਿ ਕਾਂਗਰਸ ਆਪਣੇ ਵਿਧਾਇਕ 'ਤੇ ਹੋਈ ਕਾਰਵਾਈ ਨੂੰ ਬਹਾਨਾ ਬਣਾ ਕੇ ਜਨਤਾ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ | ਧਾਲੀਵਾਲ ਨੇ ਕਾਂਗਰਸ ਦੇ ਇਸ ਇਲਜ਼ਾਮ ਨੂੰ ਸਿਰੇ ਤੋਂ ਖਾਰਜ ਕੀਤਾ ਕਿ ਚੋਣਾਂ ਵਿੱਚ ਧੱਕੇਸ਼ਾਹੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਸਚਾਈ ਇਹ ਹੈ ਕਿ 'ਆਪ' ਦੇ ਉਮੀਦਵਾਰ ਲਖਵਿੰਦਰ ਸਿੰਘ ਖੁਦ ਕਾਂਗਰਸੀਆਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਏ ਅਤੇ ਹਸਪਤਾਲ ਵਿਚ ਦਾਖਲ ਹਨ | 'ਆਪ' ਬੁਲਾਰੇ ਨੇ ਕਾਂਗਰਸ ਦੀ ਹਾਲਤ ਲਈ ਉਸਦੇ ਅੰਦਰੂਨੀ ਕਲੇਸ਼ ਅਤੇ ਹੰਕਾਰ ਨੂੰ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਨਵਜੋਤ ਕੌਰ ਸਿੱਧੂ ਦੇ ਬਿਆਨ ਦਾ ਹਵਾਲਾ ਦਿੱਤਾ ਕਿ ਮੁੱਖ ਮੰਤਰੀ ਚਿਹਰਾ ਬਣਨ ਲਈ 500 ਕਰੋੜ ਚਾਹੀਦਾ ਹੈ ਜੋ ਕਾਂਗਰਸ ਦੀ ਅੰਦਰੂਨੀ ਸਚਾਈ ਦੱਸਦਾ ਹੈ | ਧਾਲੀਵਾਲ ਨੇ ਕਿਹਾ ਕਿ ਕਾਂਗਰਸ 'ਚ ਪੰਜ-ਪੰਜ ਮੁੱਖ ਮੰਤਰੀ ਪੰਜਾਬ ਵਿਚ ਘੁੰਮ ਰਹੇ ਹਨ | ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ (ਬ) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਕਾਲੀ ਦਲ ਸ਼ੋ੍ਰਮਣੀ ਕਮੇਟੀ ਦੇ ਕਰਮਚਾਰੀਆਂ ਅਤੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਟਿਕਟ ਦੇ ਕੇ ਉਸਦਾ ਦੁਰਉਪਯੋਗ ਕਰ ਰਹੀ ਹੈ | ਧਾਲੀਵਾਲ ਨੇ ਕਿਹਾ ਕਿ 'ਆਪ' ਵਿਕਾਸ ਦੇ ਮੁੱਦਿਆਂ 'ਤੇ ਚੋਣ ਲੜਦੀ ਹੈ ਅਤੇ ਇਸ ਵਾਰ ਵੀ ਅਸੀਂ ਆਪਣੇ ਕੰਮਾਂ ਦੀ ਬਦੌਲਤ ਜਨਤਾ ਤੋਂ ਵੋਟ ਮੰਗਾਂਗੇ |
ਧੱਕੇਸ਼ਾਹੀ ਦਾ ਇਤਿਹਾਸ ਲਿਖਣ ਵਾਲੀ ਕਾਂਗਰਸ ਨਾ ਸਿਖਾਵੇ ਨੈਤਿਕਤਾ- ਧਾਲੀਵਾਲ
ਅਜੀਤ ਡੈਸਕ
08-12-2025