ਰਾਮ ਤੀਰਥ, 20 ਦਸੰਬਰ (ਧਰਵਿੰਦਰ ਸਿੰਘ ਔਲਖ)-ਅੰਮਿ੍ਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸਪੈਸ਼ਲ ਸੈੱਲ ਅੰਮਿ੍ਤਸਰ ਦਿਹਾਤੀ ਵਲੋਂ 4 ਪਿਸਟਲ, 24 ਜਿੰਦਾ ਰੌਂਦ, 1 ਕਿੱਲੋ ਅਫੀਮ ਅਤੇ 25 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਗਿਆ | ਗਿ੍ਫਤਾਰ ਦੋਸ਼ੀਆਂ ਦੀ ਪਛਾਣ ਸੁਖਰਾਜ ਸਿੰਘ ਉਰਫ ਜੋਬਨ ਪੁੱਤਰ ਅਵਤਾਰ ਸਿੰਘ, ਵਾਸੀ ਜੌਂਸ ਮੁਹਾਰ, ਥਾਣਾ ਅਜਨਾਲਾ ਅਤੇ ਜਸਕਰਨ ਸਿੰਘ ਪੁੱਤਰ ਬੂਟਾ ਸਿੰਘ, ਵਾਸੀ ਜੌਂਸ ਮੁਹਾਰ, ਥਾਣਾ ਅਜਨਾਲਾ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ 2 ਪਿਸਟਲ ਗਲੌਕ (9 ਐੱਮ ਐੱਮ), 2 ਪਿਸਟਲ (.30 ਬੋਰ), 24 ਜਿੰਦਾ ਰੌਂਦ (20 ਰੌਂਦ .30 ਬੋਰ, 04 ਰੌਂਦ 9 ਐੱਮ ਐੱਮ), 1 ਕਿੱਲੋ ਅਫੀਮ, 25 ਗ੍ਰਾਮ ਹੈਰੋਇਨ, 2 ਮੋਬਾਈਲ ਫੋਨ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ | ਐੱਸ. ਐੱਸ. ਪੀ. ਦਿਹਾਤੀ ਸੁਹੇਲ ਮੀਰ ਦੀਆਂ ਦਿਸ਼ਾ-ਨਿਰਦੇਸ਼ਾਂ ਅਤੇ ਅਦਿੱਤਿਆ ਵਾਰੀਅਰ ਐੱਸ.ਪੀ.(ਡੀ) ਅਤੇ ਗੁਰਿੰਦਰਪਾਲ ਸਿੰਘ ਡੀ.ਐੱਸ.ਪੀ.(ਡੀ) ਦੀ ਅਗਵਾਈ ਹੇਠ ਸਪੈਸ਼ਲ ਸੈੱਲ ਅੰਮਿ੍ਤਸਰ ਦਿਹਾਤੀ ਦੀ ਟੀਮ ਵਲੋਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ | ਸਪੈਸ਼ਲ ਸੈੱਲ ਦੀ ਟੀਮ ਵਲੋਂ ਨਵੇਂ ਬਣ ਰਹੇ ਪੁੱਲ ਨੇੜੇ ਪਿੰਡ ਬੋਪਾਰਾਏ ਬਾਜ਼ ਸਿੰਘ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਪਿੰਡ ਖੁਰਮਣੀਆ ਵਲੋਂ ਇਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ | ਜਦੋਂ ਪੁਲਿਸ ਟੀਮ ਵਲੋਂ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ | ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਵਲੋਂ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ | ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣਾ ਨਾਮ ਸੁਖਰਾਜ ਸਿੰਘ ਉਰਫ ਜੋਬਨ ਅਤੇ ਜਸਕਰਨ ਸਿੰਘ ਦੱਸਿਆ | ਦੋਵਾਂ ਦੀ ਤਲਾਸ਼ੀ ਲੈਣ 'ਤੇ ਉਪਰੋਕਤ ਅਸਲਾ, ਨਸ਼ੀਲੇ ਪਦਾਰਥ, ਮੋਬਾਈਲ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤੀ ਗਈ | ਇਸ ਸੰਬੰਧੀ ਥਾਣਾ ਲੋਪੋਕੇ ਵਿਖੇ ਮੁਕੱਦਮਾ ਨੰਬਰ 331 ਮਿਤੀ 18.12.2025 ਜੁਰਮ 18/21/25/29/61/85 ਐੱਨ. ਡੀ. ਪੀ. ਐੱਸ. ਐਕਟ ਅਤੇ 25(8)-54-59 ਅਸਲਾ ਐਕਟ ਤਹਿਤ ਦਰਜ ਕਰਕੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ | ਗਿ੍ਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਗਹਿਰਾਈ ਨਾਲ ਖੰਗਾਲਿਆ ਜਾ ਰਿਹਾ ਹੈ ਅਤੇ ਜਾਂਚ ਦੌਰਾਨ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
4 ਪਿਸਟਲ, 24 ਜ਼ਿੰਦਾ ਰੌਂਦ, 1 ਕਿੱਲੋ ਅਫੀਮ ਅਤੇ ਹੈਰੋਇਨ ਸਮੇਤ ਦੋ ਦੋਸ਼ੀ ਗਿ੍ਫਤਾਰ
ਅਜੀਤ ਡੈਸਕ
21-12-2025