ਛੇਹਰਟਾ, 20 ਦਸੰਬਰ (ਪੱਤਰ ਪ੍ਰੇਰਕ)-ਨਾਮਦੇਵ ਨਾਮਲੇਵਾ (ਟਾਂਕ-ਕਸ਼ੱਤਰੀ) ਕਮਿਊਨਿਟੀ ਵੈਲਫੇਅਰ ਐਸੋਸੀਏਸ਼ਨ (ਰਜਿ:) ਅੰਮਿ੍ਤਸਰ ਦੇ ਇਕ ਵਫਦ ਨੇ ਛੇਹਰਟਾ ਵਿਖ਼ੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਤੇ ਵੈਲਫੇਅਰ ਬੋਰਡ ਦੇ ਗਠਨ 'ਤੇ ਉਕਤ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਸੰਬੰਧੀ ਇਕ ਮੰਗ ਪੱਤਰ ਸੌਂਪਿਆ | ਸੁਸਾਇਟੀ ਦੇ ਪ੍ਰਧਾਨ ਗਿਆਨੀ ਗੁਰਦੀਪ ਸਿੰਘ ਕੰਬੋਜ ਨੇ ਵਿਧਾਇਕ ਡਾ. ਸੰਧੂ ਨੂੰ ਦੱਸਿਆ ਕਿ ਛੀਂਬਾ ਭਾਈਚਾਰਾ (ਟਾਂਕ-ਕਸ਼ੱਤਰੀਆ) ਲੰਬੇ ਸਮੇਂ ਤੋਂ ਪਛੜੇ ਭਾਈਚਾਰੇ ਦੀ ਭਲਾਈ ਲਈ ਭਲਾਈ ਬੋਰਡ ਦੇ ਗਠਨ ਤੇ ਚੇਅਰਮੈਨ ਦੀ ਨਿਯੁਕਤੀ ਦੀ ਮੰਗ ਕਰ ਰਿਹਾ ਹੈ ਪਰ ਉਕਤ ਭਾਈਚਾਰੇ ਦੀ ਇਸ ਮੰਗ ਨੂੰ ਸਰਕਾਰ ਵਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ, ਜਦੋਂ ਕਿ 23 ਅਪ੍ਰੈਲ, 2025 ਨੂੰ ਪੰਜਾਬ ਸਰਕਾਰ, ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ ਵਿਭਾਗ (ਵਿਸ਼ੇਸ਼ ਸੈੱਲ-1), ਚੰਡੀਗੜ੍ਹ ਵਲੋਂ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਵਿਚ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਦਸਤਖਤਾਂ ਨਾਲ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਅਨੁਸਾਰ 20 ਵੱਖ-ਵੱਖ ਭਾਈਚਾਰਿਆਂ ਦੀ ਭਲਾਈ ਲਈ ਬੋਰਡ ਬਣਾਏ ਗਏ ਸਨ, ਪਰ ਸੂਚੀ ਅਨੁਸਾਰ, ਛਿੱਬਾ (ਟਾਂਕ-ਕਸ਼ੱਤਰੀਆ) ਭਾਈਚਾਰੇ ਨੂੰ ਇਸ ਵਿਚੋਂ ਬਾਹਰ ਰੱਖਿਆ ਗਿਆ ਹੈ | ਵਫਦ ਦੀਆਂ ਮੁਸ਼ਕਿਲਾਂ ਸੁਣਨ ਤੇ ਵਿਧਾਇਕ ਡਾ. ਸੰਧੂ ਨੇ ਸੁਸਾਇਟੀ ਦੇ ਪ੍ਰਧਾਨ ਗਿਆਨੀ ਗੁਰਦੀਪ ਸਿੰਘ ਕੰਬੋਜ ਤੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕਿਸੇ ਵੀ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਭਗਤ ਨਾਮਦੇਵ ਯਾਦਗਾਰੀ ਗੇਟ ਦੀ ਉਸਾਰੀ ਲਈ ਐਸੋਸੀਏਸ਼ਨ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਯਾਦਗਾਰੀ ਗੇਟ ਦਾ ਉਦਘਾਟਨ ਜਲਦੀ ਹੀ ਕੀਤਾ ਜਾਵੇਗਾ | ਇਸ ਮੌਕੇ ਰੁਪਿੰਦਰ ਜੀਤ ਸਿੰਘ ਧਾਮੀ ਮੀਤ ਪ੍ਰਧਾਨ, ਰਤਨ ਸਿੰਘ ਘਈ ਜਨਰਲ ਸਕੱਤਰ, ਗੋਵਿੰਦਪਾਲ ਸਿੰਘ ਕੈਂਥ, ਪਿ੍ਥੀਪਾਲ ਸਿੰਘ ਮੋਹਲ, ਸਰਵਜੀਤ ਸਿੰਘ ਘਈ, ਕੰਵਲਜੀਤ ਸਿੰਘ ਬੱਲੂ, ਸਤਿੰਦਰ ਸਿੰਘ ਰਤਨ, ਕੰਵਲਜੀਤ ਸਿੰਘ ਕੰਬੋਜ, ਸਤਿੰਦਰ ਸਿੰਘ, ਸਤਿੰਦਰ ਸਿੰਘ ਧਾਮੀ, ਸਤਿੰਦਰ ਸਿੰਘ ਘਈ, ਲਖਵਿੰਦਰ ਸਿੰਘ ਬੋਪਾਰਾਏ, ਸੁਰਿੰਦਰ ਸਿੰਘ ਛਿੰਦਾ ਆਦਿ ਹਾਜ਼ਰ ਸਨ |