ਅੰਮਿ੍ਤਸਰ, 20 ਦਸੰਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਡਿਸਟਿ੍ਕਟ ਪ੍ਰੈਜ਼ੀਡੈਂਟਸ ਇਲੈੱਕਟ ਮੀਟ (ਪੀ. ਈ. ਐੱਮ.) ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ, ਜਿਸ ਵਿਚ ਰੋਟਰੀ ਇੰਟਰਨੈਸ਼ਨਲ ਡਿਸਟਿ੍ਕਟ 3070 ਦੇ ਵੱਖ-ਵੱਖ ਕਲੱਬਾਂ ਤੋਂ 87 ਪ੍ਰੈਜ਼ੀਡੈਂਟਸ-ਇਲੈੱਕਟ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਸਵਾਗਤੀ ਭਾਸ਼ਣ ਪੀ. ਈ. ਐੱਮ. ਦੇ ਚੇਅਰਮੈਨ ਰੋਟੇਰੀਅਨ ਰਾਜੇਸ਼ ਭਾਰਦਵਾਜ ਵਲੋਂ ਦਿੱਤਾ ਗਿਆ ਜਦਕਿ ਰੋਟੇਰੀਅਨ ਡਾ. ਕੇ. ਕੇ. ਭੱਲਾ ਨੇ ਸਮਾਗਮ ਦੇ ਮਾਸਟਰ ਆਫ਼ ਸੈਰੇਮਨੀਜ਼ (ਐੱਮ. ਓ. ਸੀ.) ਦੀ ਭੂਮਿਕਾ ਨਿਭਾਈ | ਇਸ ਸਮਾਰੋਹ ਦਾ ਮੁੱਖ ਆਕਰਸ਼ਣ ਡਿਸਟਿ੍ਕਟ ਗਵਰਨਰ 2026-27 ਰੋਟੇਰੀਅਨ ਅਨਿਲ ਸਿੰਗਲ ਦਾ ਪ੍ਰੇਰਣਾਦਾਇਕ ਸੰਬੋਧਨ ਰਿਹਾ | ਉਨ੍ਹਾਂ ਸਾਰੇ ਪ੍ਰੈਜ਼ੀਡੈਂਟਸ ਇਲੈੱਕਟ ਨੂੰ ਨਿੱਜੀ ਤੌਰ 'ਤੇ ਸਨਮਾਨਿਤ ਕਰਦਿਆਂ ਦੂਰਦਰਸ਼ਤਾ, ਸਮਰਪਣ ਅਤੇ ਇਮਾਨਦਾਰੀ ਨਾਲ ਆਪਣੇ ਕਲੱਬਾਂ ਦੀ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਪ੍ਰੈਜ਼ੀਡੈਂਟਸ ਇਲੈੱਕਟ ਦਾ ਰਵੱਈਆ, ਉਤਸ਼ਾਹ ਅਤੇ ਉਦੇਸ਼ ਦੀ ਸਪਸ਼ਟਤਾ ਹੀ ਉਨ੍ਹਾਂ ਦੇ ਕਲੱਬਾਂ ਦੀ ਸਫਲਤਾ ਨੂੰ ਨਿਰਧਾਰਤ ਕਰੇਗੀ | ਡਿਸਟਿ੍ਕਟ ਗਵਰਨਰ ਰੋਟੇਰੀਅਨ ਰੋਹਿਤ ਓਬਰਾਏ ਅਤੇ ਰੋਟਰੀ ਇੰਟਰਨੈਸ਼ਨਲ (2027-29) ਦੇ ਡਾਇਰੈਕਟਰ ਰੋਟੇਰੀਅਨ ਗੁਰਜੀਤ ਸੇਖੋਂ ਨੇ ਜਨਜੀਵਨ ਅਤੇ ਸਮੁਦਾਇਕ ਨੇਤਿ੍ਤਵ ਵਿਚ ਰੋਟਰੀ ਦੀ ਭੂਮਿਕਾ 'ਤੇ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ ਅਤੇ ਰੋਟੇਰੀਅਨਾਂ ਨੂੰ ਵੱਡੇ ਸੁਪਨੇ ਦੇਖਣ, ਸੋਚ-ਸਮਝ ਕੇ ਯੋਜਨਾਬੰਦੀ ਕਰਨ ਅਤੇ ਦਇਆ ਨਾਲ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ | ਇਸ ਤੋਂ ਪਹਿਲਾਂ, ਡਿਸਟਿ੍ਕਟ ਥੀਮ 'ਉਡਾਨ : ਰੋਟਰੀ ਨੂੰ ਨਵੀਆਂ ਉਚਾਈਆਂ ਤੱਕ ਲਿਜਾਣਾ' ਦੀ ਸ਼ੁਰੂਆਤ ਕੀਤੀ ਗਈ | ਮੇਜ਼ਬਾਨ ਕਲੱਬ ਦੇ ਪ੍ਰਧਾਨ ਰੋਟੇਰੀਅਨ ਡਾ. ਆਰ. ਕੇ. ਬੇਦੀ ਨੇ ਆਯੋਜਨ ਕਮੇਟੀ, ਰੋਟਰੀ ਕਲੱਬ ਦੇ ਮੈਂਬਰਾਂ ਅਤੇ ਡਿਸਟਿ੍ਕਟ ਭਰ ਦੇ ਰੋਟੇਰੀਅਨਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਭਾਗੀਦਾਰੀ ਨਾਲ ਇਹ ਸਮਾਗਮ ਬੇਹੱਦ ਸਫਲ ਬਣਿਆ | ਉਪਰੰਤ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਗਈਆਂ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਰੰਗੀਨ ਅਤੇ ਆਕਰਸ਼ਕ ਬਣਾਇਆ | ਡਿਸਟਿ੍ਕਟ ਪ੍ਰੇਜ਼ੀਡੈਂਟਸ-ਇਲੈਕਟ ਮੀਟ ਉੱਚੇ ਮਨੋਬਲ ਨਾਲ ਸਮਾਪਤ ਹੋਈ, ਜਿਸ ਨਾਲ ਭਾਗੀਦਾਰ ਪ੍ਰੇਰਿਤ, ਉਤਸ਼ਾਹਿਤ ਅਤੇ ਨਵੇਂ ਜੋਸ਼ ਤੇ ਉਦੇਸ਼ ਨਾਲ ਰੋਟਰੀ ਕਲੱਬਾਂ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ. ਜੀ. (2026-27) ਰੋਟੇਰੀਅਨ ਅਨਿਲ ਸਿੰਗਲ, ਪੀ. ਡੀ. ਜੀ. ਰੋਟੇਰੀਅਨ ਅਵਿਨਾਸ਼ ਮੋਹਿੰਦਰੂ, ਪੀ. ਡੀ. ਜੀ. ਰੋਟੇਰੀਅਨ ਅਰੁਣ ਕਪੂਰ ਆਦਿ ਸਮੇਤ 200 ਤੋਂ ਵੱਧ ਰੋਟੇਰੀਅਨ ਹਾਜ਼ਰ ਰਹੇ |