ਅੰਮਿ੍ਤਸਰ, 26 ਦਸੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਸ਼ਹਿਰ ਦੇ ਖੇਤਰ ਛੇਹਰਟਾ ਵਿਖੇ ਅੱਜ ਪੁਲਿਸ ਮੁਕਾਬਲੇ ਦੌਰਾਨ ਪੁਲਿਸ ਵਲੋਂ ਚਲਾਈ ਗੋਲੀ ਨਾਲ ਇਕ ਮੁਲਜ਼ਮ ਜ਼ਖ਼ਮੀ ਹੋ ਗਿਆ ਜਿਸ ਪਾਸੋਂ ਪੁਲਿਸ ਵਲੋਂ ਇਕ ਪਿਸਤੌਲ ਤੇ ਕਾਰ ਬਰਾਮਦ ਕੀਤੀ ਗਈ ਹੈ, ਇਸ ਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ | ਇਹ ਪ੍ਰਗਟਾਵਾ ਇਥੇ ਛੇਹਰਟਾ ਨਰਾਇਣਗੜ੍ਹ ਖੇਤਰ ਦੇ ਸ਼ਮਸ਼ਾਨਘਾਟ ਨੇੜੇ ਹੋਏ ਇਸ ਮੁਕਾਬਲੇ ਵਾਲੀ ਥਾਂ ਦਾ ਜਾਇਜ਼ਾ ਲੈਣ ਪੁੱਜੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ, ਜਿਨ੍ਹਾਂ ਦੱਸਿਆ ਕਿ ਜ਼ਖ਼ਮੀਂ ਹੋਏ ਮੁਲਜ਼ਮ ਦੀ ਸ਼ਨਾਖਤ ਅੰਮਿ੍ਤਪਾਲ ਸਿੰਘ ਉਰਫ ਰੌਣੀ ਵਾਸੀ ਨਰਾਇਣਗੜ੍ਹ, ਛੇਹਰਟਾ (ਹਾਲ ਕਾਲੇ ਘਨੂਪੁਰ) ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਪੁਲਿਸ ਨੇੇ ਛੇਹਰਟਾ ਖੇਤਰ 'ਚ ਵਾਪਰੀ ਗੰਭੀਰ ਗੋਲੀਬਾਰੀ ਦੀ ਘਟਨਾ ਉਪਰੰਤ ਕੀਤੀ ਗਈ ਹੈ | ਇਸ 'ਚ ਬੀਤੇ ਦਿਨ ਸ਼ਿਕਾਇਤ ਕਰਤਾ ਜਸਪਾਲ ਸਿੰਘ ਗੁਰੂ ਰਾਮਦਾਸ ਕਾਲੋਨੀ, ਛੇਹਰਟਾ ਆਪਣੇ ਦੋਸਤ ਸਿਮਰਨਜੀਤ ਦੀ ਦੁਕਾਨ 'ਤੇ ਮੌਜੂਦ ਸੀ | ਜਿਥੇ ਪੁਰਾਣੀ ਦੁਸ਼ਮਣੀ ਕਾਰਨ ਮੁਲਜ਼ਮ ਅੰਮਿ੍ਤਪਾਲ ਸਿੰਘ ਉਰਫ ਰੋਨੀ ਤੇ ਉਸਦਾ ਸਾਥੀ ਹਰਪ੍ਰੀਤ ਸਿੰਘ ਉਰਫ ਹੈਪੀ ਨਿਆਣਾ ਮੌਕੇ 'ਤੇ ਪਹੁੰਚੇ | ਹਰਪ੍ਰੀਤ ਸਿੰਘ ਉਰਫ ਹੈਪੀ ਨਿਆਣਾ ਗੱਡੀ ਚਲਾ ਰਿਹਾ ਸੀ, ਜਦੋਂ ਕਿ ਰੌਣੀ ਜਿਸਨੇ ਪਿਸਤੌਲ ਫੜਿਆ ਹੋਇਆ ਸੀ ਨੇ ਜਾਨੋ ਮਾਰਨ ਇਰਾਦੇ ਨਾਲ ਦੋ ਗੋਲੀਆਂ ਚਲਾਈਆਂ | ਸ਼ਿਕਾਇਤਕਰਤਾ ਨੇ ਨੇੜਲੇ ਘਰ ਦੇ ਅੰਦਰ ਪਨਾਹ ਲੈ ਕੇ ਆਪਣੀ ਜਾਨ ਬਚਾਈ | ਇਸ ਘਟਨਾ ਉਪਰੰਤ ਪੁਲਿਸ ਵਲੋਂ ਰੌਣੀ ਨੂੰ ਗਿ੍ਫਤਾਰ ਕਰ ਲਿਆ ਗਿਆ ਤੇ ਉਸਦੇ ਖੁਲਾਸੇ ਵਾਲੇ ਬਿਆਨ ਦੇ ਆਧਾਰ 'ਤੇ ਏ. ਐੱਸ. ਆਈ. ਤਲਵਿੰਦਰ ਸਿੰਘ ਦੀ ਅਗਵਾਈ ਹੇਠ ਇਕ ਪੁਲਿਸ ਟੀਮ ਛੇਹਰਟਾ ਦੇ ਮੜੀ੍ਹਆਂ ਰੋਡ 'ਤੇ ਕੂੜਾ ਡੰਪਿੰਗ ਸਾਈਟ ਦੇ ਨੇੜੇ ਅਪਰਾਧ ਵਿਚ ਵਰਤੀ ਗਈ ਪਿਸਤੌਲ ਦੀ ਬਰਾਮਦਗੀ ਲਈ ਉਸਨੂੰ ਲੈ ਕੇ ਗਈ ਸੀ | ਉਥੇ ਪੁੱਜ ਕੇ ਮੁਲਜ਼ਮ ਨੇ ਅਚਾਨਕ ਪਿਸਤੌਲ ਚੁੱਕੀ ਅਤੇ ਏ. ਐੱਸ. ਆਈ. ਜੈਬੀਰ ਸਿੰਘ 'ਤੇ ਮਾਰਨ ਦੇ ਇਰਾਦੇ ਨਾਲ ਗੋਲੀਆਂ ਚਲਾ ਦਿੱਤੀਆਂ | ਪੁਲਿਸ ਪਾਰਟੀ ਨੇ ਆਪਣਾ ਬਚਾਅ ਕੀਤਾ ਤੇ ਏ. ਐੱਸ. ਆਈ. ਤਲਵਿੰਦਰ ਸਿੰਘ ਨੇ ਆਪਣੀ ਸਰਵਿਸ ਕਾਰਬਾਈਨ ਤੋਂ ਇਕ ਗੋਲੀ ਚਲਾਈ ਜੋ ਉਸਦੇ ਪੈਰ 'ਤੇ ਲਗੀ ਤੇ ਉਹ ਜ਼ਖ਼ਮੀਂ ਹੋ ਕੇ ਜ਼ਮੀਨ 'ਤੇ ਡਿੱਗ ਪਿਆ | ਗਿ੍ਫਤਾਰ ਕੀਤਾ ਮੁਲਜ਼ਮ 12ਵੀਂ ਪਾਸ 25 ਸਾਲਾ ਨੌਜਵਾਨ ਹੈ ਅਤੇ ਉਹ ਪੇਸ਼ੇ ਤੋਂ ਡਿਲੀਵਰੀ ਬੁਆਏ ਦਾ ਕੰਮ ਕਰਦਾ ਹੈ | ਉਸ ਖ਼ਿਲਾਫ਼ ਪਹਿਲਾਂ ਵੀ ਹੈਰੋਇਨ ਤਸਕਰੀ ਤੇ ਹੋਰ ਮਾਮਲੇ ਵੀ ਦਰਜ ਹਨ | ਇਸ ਮੌਕੇ ਡੀ. ਸੀ. ਪੀ. ਰਵਿੰਦਰਪਾਲ ਸਿੰਘ, ਏ. ਡੀ. ਸੀ. ਪੀ. ਸ੍ਰੀਵੇਨੇਲਾ, ਏ. ਸੀ. ਪੀ. ਪੱਛਮੀ ਸ਼ਿਵਦਰਸ਼ਨ ਸਿੰਘ, ਇੰਸ: ਲਵਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ |