ਅੰਮਿ੍ਤਸਰ, 27 ਦਸੰਬਰ (ਰੇਸ਼ਮ ਸਿੰਘ)- ਅੱਜ ਅਜਨਾਲਾ ਖੇਤਰ 'ਚ ਭਿਅੰਕਰ ਹੜ੍ਹਾਂ ਦੌਰਾਨ ਪਸ਼ੂ ਧਨ ਦੇ ਨੁਕਸਾਨ ਤੋਂ ਪ੍ਰਭਾਵਿਤ ਕਿਸਾਨਾਂ/ਪਸ਼ੂ ਪਾਲਕਾਂ ਨੂੰ ਰਾਹਤ ਦੇਣ ਲਈ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਸ਼ਨ ਚੜ੍ਹਦੀ ਕਲਾ ਅਤੇ ਮਿਸ਼ਨ ਸਾਂਝਾ ਉਪਰਾਲਾ ਤਹਿਤ ਕੰਮ ਕਰਦੇ ਹੋਏ ਸ੍ਰੀ ਰਾਕੇਸ਼ ਹਾਂਡਾ ਦੀ ਮਦਦ ਨਾਲ 23 ਹੋਰ ਪਸ਼ੂ ਪਾਲਕਾਂ ਜਿਨ੍ਹਾਂ ਦੇ ਪਸ਼ੂ ਹੜ੍ਹਾਂ ਦੀ ਭੇਟ ਚੜ ਗਏ ਸਨ, ਨੂੰ ਸਾਹੀਵਾਲ ਗਾਵਾਂ ਮੁਹੱਈਆ ਕਰਵਾਈਆਂ | ਪ੍ਰਭਾਵਿਤ ਕਿਸਾਨਾਂ ਨੂੰ ਗਊਆਂ ਦਾਨ ਕਰਨ ਦੀ ਰਸਮ ਅਦਾਇਗੀ ਦੌਰਾਨ ਵਿਧਾਇਕ ਤੇ ਸਾਬਕਾ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਮਹਿੰਗੇ ਮੁੱਲ ਤੇ ਉੱਤਮ ਨਸਲ ਦੀਆਂ ਗਾਵਾਂ ਪ੍ਰਭਾਵਿਤ ਪਸ਼ੂ ਪਾਲਕਾਂ ਲਈ ਭੇਂਟ ਕਰਨ ਵਾਲੇ ਰਕੇਸ਼ ਹਾਂਡਾ ਤੇ ਉਨ੍ਹਾਂ ਦੇ ਬਾਕੀ ਸਹਿਯੋਗੀਆਂ ਦਾ ਵੀ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਗਾਂ ਦਾਨ ਸਭ ਤੋਂ ਸਰਵਉੱਚ, ਸੰਤੁਸ਼ਟੀਜਨਕ, ਪਵਿੱਤਰ ਤੇ ਸ਼ੁੱਭ ਦਾਨ ਮੰਨਿਆ ਗਿਆ ਹੈ, ਉੱਥੇ ਇਹ ਗਾਵਾਂ ਲੋੜਵੰਦ ਪਰਿਵਾਰਾਂ ਦੇ ਰੁਜ਼ਗਾਰ ਦਾ ਸਾਧਨ ਵੀ ਬਣਨਗੀਆਂ | ਇਸ ਮੌਕੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਡਾ: ਇੰਦਰਬੀਰ ਸਿੰਘ ਨਿਜਰ, ਡੀ.ਸੀ. ਦਲਵਿੰਦਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਅਤੇ ਰਾਕੇਸ਼ ਹਾਂਡਾ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੈਮਸਨ ਮਸੀਹ ਆਦਿ ਹਾਜ਼ਰ ਸਨ | ਇਸ ਮੌਕੇ ਇੰਦਰਬੀਰ ਸਿੰਘ ਨਿੱਜਰ ਨੇ ਅਜਨਾਲਾ ਖੇਤਰ ਸਮੇਤ ਪੰਜਾਬ ਭਰ 'ਚ ਸਾਂਝਾ ਉਪਰਾਲਾ ਮਿਸ਼ਨ ਰੰਗਲਾ ਪੰਜਾਬ ਚੜ੍ਹਦੀ ਕਲਾ ਤਹਿਤ ਦੇਸ਼ ਵਿਦੇਸ਼ ਤੋਂ ਸਮਾਜ ਸੇਵੀ, ਧਾਰਮਿਕ, ਮੁਲਾਜ਼ਮ, ਸੰਸਥਾਵਾਂ ਅਤੇ ਨਿੱਜੀ ਦਾਨ ਦਾਤਿਆਂ ਵਲੋਂ ਹੜ੍ਹ ਪੀੜਤਾਂ ਦੇ ਪੁਨਰ ਵਸੇਬੇ ਲਈ ਢਹਿ ਢੇਰੀ ਹੋਏ ਘਰਾਂ ਨੂੰ ਉਸਾਰਨ, ਲੰਗਰ, ਪੀਣ ਵਾਲਾ ਪਾਣੀ, ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਆਦਿ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਨਤਮਸਤਕ ਹੁੰਦਿਆਂ ਸ਼ਲਾਘਾ ਕੀਤੀ |