15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪੰਥਕ ਆਗੂਆਂ ਵਲੋਂ ਪੰਥ ਦੇ ਭਖਦੇ ਮੁੱਦਿਆਂ 'ਤੇ ਪੰਥ ਦਾ ਨੁਮਾਇੰਦਾ ਇਕੱਠ ਬੁਲਾਉਣ ਅਪੀਲ

Ad Position 21
No active advertisement
ਅਜੀਤ ਡੈਸਕ 31-12-2025
ਅੰਮਿ੍ਤਸਰ, 30 ਦਸੰਬਰ (ਜਸਵੰਤ ਸਿੰਘ ਜੱਸ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਕੌਮੀ ਆਗੂਆਂ ਸਰਬਜੀਤ ਸਿੰਘ ਜੰਮੂ, ਗੁਰਕ੍ਰਿਪਾਲ ਸਿੰਘ ਬਠਿੰਡਾ, ਸਾਬਕਾ ਐਡੀਸ਼ਨਲ ਐਡਵੋਕੇਟ ਛਿੰਦਰਪਾਲ ਸਿੰਘ ਬਰਾੜ, ਡਿਸਟਿ੍ਕ ਕੋਰਟ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਜੌਲੀ ਅਤੇ ਜੰਮੂ-ਕਸ਼ਮੀਰ ਦੇ ਨੌਜਵਾਨ ਸਿੱਖ ਆਗੂ ਅਮਨਦੀਪ ਸਿੰਘ ਸ੍ਰੀਨਗਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਸੰਵਿਧਾਨਿਕ ਸੰਸਥਾ ਹੈ, ਜਿਵੇਂ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕਿਹਾ ਹੈ, ਇਸ ਲਈ ਇਹ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਦੇ ਦਾਇਰੇ ਵਿਚ ਆਉਂਦੀ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਮਾਮਲਾ ਪੰਥਕ ਮਰਿਯਾਦਾ ਤੋੜਨ ਦਾ ਨਹੀਂ, ਸਗੋਂ ਕਾਨੂੰਨ ਤੋੜਨ ਦਾ ਹੈ | ਸ. ਜੰਮੂ ਵਲੋਂ ਜਾਰੀ ਬਿਆਨ ਵਿਚ ਉਕਤ ਆਗੂਆਂ ਨੇ ਕਿਹਾ ਕਿ ਇਹ ਕਾਨੂੰਨ ਤੋੜਨ ਵਾਲੇ ਆਮ ਮੁਲਾਜ਼ਮ ਨਹੀਂ, ਸਗੋਂ ਸ਼੍ਰੋਮਣੀ ਕਮੇਟੀ ਦੇ ਉਸ ਵਕਤ ਦੇ ਪ੍ਰਧਾਨ, ਮੁੱਖ ਸਕੱਤਰ, ਸਕੱਤਰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਅਹੁਦੇਦਾਰ ਹਨ | ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਵਲੋਂ ਕੀਤੀਆਂ ਗ਼ੈਰ ਕਾਨੂੰਨੀ ਹਰਕਤਾਂ ਹੋਰ ਉਜਾਗਰ ਨਾ ਹੋਣ ਇਸੇ ਲਈ ਹਰ ਹਰਬਾ ਪੁਲਿਸ ਪੜਤਾਲ ਰੋਕਣ ਲਈ ਵਰਤਿਆ ਜਾ ਰਿਹਾ ਹੈ | ਉਕਤ ਆਗੂੁਆਂ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਬਾਦਲ ਦਲ ਦੇ ਸਿੱਖ ਸਿਧਾਂਤਾਂ 'ਤੇ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣ ਲਈ ਮਹਾਂਪੁਰਖਾਂ ਨੂੰ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਪੰਥ ਦੇ ਭਖਦੇ ਮਸਲਿਆਂ 'ਤੇ ਪੰਥ ਦਰਦੀਆਂ ਦੀ ਵਿਸ਼ੇਸ਼ ਇਕੱਤਰਤਾ ਜਲਦੀ ਬੁਲਾਉਣ |
ਭਲਾਈ ਕੇਂਦਰ ਵਿਖੇ ਅੱਜ ਰਾਤ ਸਜਾਇਆ ਜਾਵੇਗਾ ਗੁਰਮਤਿ ਸਮਾਗਮ : ਭਾਈ ਗੁਰਇਕਬਾਲ ਸਿੰਘ
ਅੰਮਿ੍ਤਸਰ,30 ਦਸੰਬਰ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਨਵੇਂ ਸਾਲ 2026 ਦੀ ਆਮਦ ਮੌਕੇ ਅੱਜ 31 ਦਸੰਬਰ ਦੀ ਰਾਤ ਨੂੰ ੂ ਵਿਸ਼ੇਸ਼ ਗੁਰਮਤਿ ਸਮਾਗਮ ਸਜਾਇਆ ਜਾ ਰਿਹਾ ਹੈ, ਜਿਸ ਦੌਰਾਨ ਸੰਗਤਾਂ ਨਾਮ ਸਿਮਰਨ ਕਰਦਿਆਂ ਨਵੇਂ ਸਾਲ ਨੂੰ ਜੀਅ ਆਇਆਂ ਆਖਣਗੀਆਂ | ਉਕਤ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੁਖੀ ਅਤੇ ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ 2025 ਨੂੰ ਅਲਵਿਦਾ ਅਤੇ 2026 ਨੂੰ ਜੀ ਆਇਆਂ ਕਹਿਣ ਲਈ 31 ਦਸੰਬਰ ਦੀ ਰਾਤ 8 ਵਜੇ ਤੋਂ ਦੇਰ ਅੱਧੀ ਰਾਤ 12.30 ਵਜੇ ਤੱਕ ਭਲਾਈ ਕੇਂਦਰ ਵਿਖੇ ਕੀਰਤਨ ਸਮਾਗਮ ਕਰਵਾਏ ਜਾ ਰਹੇ ਹਨ, ਜਿਸ 'ਚ ਭਾਈ ਗੁਰਦੀਪ ਸਿੰਘ ਲਾਲਾ ਵੀਰ ਜੀ, ਭਾਈ ਜਤਿੰਦਰ ਸਿੰਘ ਬਿੱਟੂ, ਭਾਈ ਪੁਨੀਤ ਸਿੰਘ, ਭਾਈ ਮਹਿਕਪ੍ਰੀਤ ਸਿੰਘ, ਭਾਈ ਰਣਜੀਤ ਸਿੰਘ, ਬੀਬੀ ਕੌਲਾਂ ਜੀ ਬਾਲ ਫੁਲਵਾੜੀ, ਬੀਬੀ ਨਰਿੰਦਰਜੀਤ ਕੌਰ, ਬੀਬੀ ਪਰਮਜੀਤ ਕੌਰ ਪੰਮਾ ਤੋਂ ਇਲਾਵਾ ਉਨ੍ਹਾਂ ਦੇ ਜਥੇ ਵਲੋਂ ਵੀ ਕਥਾ ਕੀਰਤਨ ਦੀਆਂ ਛਹਿਬਰਾਂ ਲਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ, ਉੱਥੇ ਨਵੇਂ ਸਾਲ 2026 ਦੇ ਆਗਾਜ਼ ਮੌਕੇ 31 ਦਸੰਬਰ ਨੂੰ ਰਾਤ 11 ਵੱਜ ਕੇ 55 ਮਿੰਟ 'ਤੇ ਸੰਗਤ ਰੂਪੀ ਜਪੁਜੀ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਨਵੇਂ ਸਾਲ ਦੀ ਆਮਦ ਮੌਕੇ ਹਾਜ਼ਰ ਸੰਗਤਾਂ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ |
ਆਈ.ਪੀ.ਐਸ. ਅਧਿਕਾਰੀ ਹਰਪ੍ਰੀਤ ਸਿੰਘ ਐੱਸ.ਐੱਸ.ਪੀ. ਵਿਜੀਲੈਂਸ ਅੰਮਿ੍ਤਸਰ ਨਿਯੁਕਤ
ਅੰਮਿ੍ਤਸਰ, 30 ਦਸੰਬਰ (ਰੇਸ਼ਮ ਸਿੰਘ)-ਭਿ੍ਸ਼ਟਾਚਾਰ ਦੇ ਮਾਮਲੇ 'ਚ ਮੁਅਤਲ ਕੀਤੇ ਗਏ ਐਸ.ਐਸ.ਪੀ. ਵਿਜੀਲੈਂਸ ਅੰਮਿ੍ਤਸਰ ਤੋਂ ਬਾਅਦ ਹੁਣ ਆਈ.ਪੀ. ਐਸ. ਅਧਿਕਾਰੀ ਹਰਪ੍ਰੀਤ ਸਿੰਘ ਨੂੰ ਨਵਾਂ ਐੱਸ.ਐੱਸ.ਪੀ. ਵਿਜੀਲੈਂਸ ਨਿਯੁਕਤ ਕੀਤਾ ਗਿਆ ਹੈ | ਆਈ.ਪੀ.ਐੱਸ. ਅਧਿਕਾਰੀ ਦੀ ਨਿਯੁਕਤੀ ਦੀ ਚਰਚਾ ਇਹ ਵੀ ਹੈ ਕਿ ਪੁੁਲਿਸ ਵਲੋਂ ਚੱਲ ਰਹੀਂ ਜਾਂਚ ਨੂੰ ਪ੍ਰਭਾਵੀ ਤਰੀਕੇ ਨਾਲ ਕਰਨ 'ਤੇ ਭਿ੍ਸ਼ਟਾਚਾਰ ਦੀਆਂ ਸ਼ਿਕਾਇਤਾਂ 'ਤੇ ਪਾਰਦਰਸ਼ੀ ਤੇ ਤੇਜ਼ੀ ਨਾਲ ਕਾਰਵਾਈ ਕਰਨਾ ਵੀ ਹੈ | ਜਿਸ ਨੂੰ ਲੈ ਕੇ ਸਰਕਾਰ ਕੋਈ ਢਿੱਲ ਨਹੀਂ ਵਰਤਣਾ ਚਾਹੁੰਦੀ | ਇਸ ਤੋਂ ਪਹਿਲਾਂ ਚਰਚਾ ਇਹ ਰਹੀ ਹੈ ਕਿ ਅੰਮਿ੍ਤਸਰ ਦੇ ਸਰਕਾਰੀ ਅਦਾਰਿਆਂ 'ਚ ਰਿਸ਼ਵਤ ਦਾ ਬੋਲਬਾਲ ਹੈ ਅਤੇ ਇੱਥੋਂ ਤੱਕ ਕਿ ਜ਼ਿਲ੍ਹਾ ਪ੍ਰਸ਼ਾਸਕੀ ਸਮੂਹ 'ਚ ਵੀ ਚੱਲ ਰਹੇ ਦਫਤਰਾਂ ਦੇ ਅਧਿਕਾਰੀ ਤੇ ਕਰਮਚਾਰੀ ਰਿਸ਼ਵਤ ਬਿਨਾਂ ਕੋਈ ਕੰਮ ਕਰਕੇ ਰਾਜ਼ੀ ਨਹੀਂ ਹਨ | ਹੁਣ ਦੇਖਣਾ ਇਹ ਹੋਵੇਗਾ ਕਿ ਕੀ ਨਵੇਂ ਐਸ.ਐਸ.ਪੀ. ਇਸ ਰਿਸ਼ਵਤ ਤੇ ਭਿ੍ਸ਼ਟਾਚਾਰ 'ਤੇ ਰੋਕ ਲਾਉਣ 'ਚ ਕਿੰਨੇ ਕੁ ਕਾਮਯਾਬ ਹੁੰਦੇ ਹਨ |
ਸ਼ਾਨ-ਏ-ਪੰਜਾਬ ਐਕਸਪ੍ਰੈੱਸ ਅੰਮਿ੍ਤਸਰ ਤੋਂ ਰੱਦ, ਲੁਧਿਆਣਾ ਤੋਂ ਹੋਈ ਵਾਪਸ-ਹਾਵੜਾ ਮੇਲ ਵੀ ਆਪ੍ਰੇਸ਼ਨਲ ਕਾਰਨ ਕਰਕੇ ਰੱਦ ਰਹੀ
ਅੰਮਿ੍ਤਸਰ, 30 ਦਸੰਬਰ (ਗਗਨਦੀਪ ਸ਼ਰਮਾ)-ਅੰਮਿ੍ਤਸਰ ਤੋਂ ਨਵੀਂ ਦਿੱਲੀ ਵਿਚਾਲੇ ਚਲਦੀ (12498/97) ਸ਼ਾਨ-ਏ-ਪੰਜਾਬ ਐਕਸਪ੍ਰੈੱਸ ਅੱਜ ਅੰਮਿ੍ਤਸਰ ਤੋਂ ਰੱਦ ਰਹੀ ਅਤੇ ਇਸ ਰੇਲ ਗੱਡੀ ਨੂੰ ਲੁਧਿਆਣਾ ਤੋਂ ਹੀ ਵਾਪਸ ਨਵੀਂ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ | ਦੱਸ ਦਈਏ ਕਿ ਸੰਘਣੀ ਧੁੰਦ ਦੇ ਕਰਕੇ ਉਕਤ ਰੇਲ ਗੱਡੀ ਦੋਵੇਂ ਦਿਸ਼ਾਵਾਂ 'ਚ ਕੁਝ ਦਿਨਾਂ ਤੋਂ ਲਗਾਤਾਰ 10 ਤੋਂ 15 ਘੰਟੇ ਦੇਰੀ ਨਾਲ ਚੱਲ ਰਹੀ ਸੀ | ਆਖੀਰ, ਇਸ ਰੇਲ ਗੱਡੀ ਨੂੰ ਸਮੇਂ ਸਿਰ ਕਰਨ ਲਈ ਰੇਲਵੇ ਨੂੰ ਉਕਤ ਕਦਮ ਚੁੱਕਣਾ ਪਿਆ | ਹੁਣ ਅੱਜ 31 ਦਸੰਬਰ 2025 ਨੂੰ ਇਸ ਰੇਲ ਗੱਡੀ ਦੇ ਸਮੇਂ ਸਿਰ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਇਸ ਤੋਂ ਇਲਾਵਾ ਅੰਮਿ੍ਤਸਰ ਤੋਂ ਸ਼ਾਮ 18.25 ਵਜੇ ਚਲਦੀ ਰੇਲ ਗੱਡੀ ਨੰਬਰ (13006) ਹਾਵੜਾ ਮੇਲ ਵੀ ਅੱਜ ਆਪਰੇਸ਼ਨਲ ਕਾਰਨਾਂ ਕਰਕੇ ਰੱਦ ਰਹੀ |

Ad Position 22
No active advertisement
ਪਿਛਲੀ ਖ਼ਬਰ ਨਗਰ ਸੁਧਾਰ ਟਰੱਸਟ ਦੇ ਸੱਤ ਅਧਿਕਾਰੀ ਅਤੇ ਕਰਮਚਾਰੀ ਮੁਅੱਤਲ ਅਗਲੀ ਖ਼ਬਰ ਡੀ. ਏ. ਵੀ. ਸਕੂਲ ਅੰਮਿ੍ਤਸਰ ਨੂੰ ਗ੍ਰੀਨ ਸਕੂਲ ਨਿਰੀਖਣ 'ਚ ਮਿਲਿਆ ਪਹਿਲਾ ਸਥਾਨ <br/>
Ad Position 24