ਅੰਮਿ੍ਤਸਰ, 30 ਦਸੰਬਰ (ਰੇਸ਼ਮ ਸਿੰਘ)-ਸ਼ਹਿਰ 'ਚ ਲਗਾਤਾਰ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਤਹਿਤ ਥਾਣਾ ਬੀ. ਡਵੀਜ਼ਨ ਖੇਤਰ 'ਚ ਵੀ ਝਗੜੇ ਦੌਰਾਨ ਗੋਲੀਆਂ ਚੱਲਣ ਦੀ ਖ਼ਬਰ ਮਿਲੀ ਹੈ, ਜਿਸ 'ਚ ਇਕ ਨੌਜਵਾਨ ਜ਼ਖ਼ਮੀਂ ਹੋ ਗਿਆ ਜਿਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਗੋਲੀ ਵੱਜਣ ਕਾਰਨ ਜ਼ਖ਼ਮੀਂ ਹੋਏ ਨੌਜਵਾਨ ਦੀ ਸ਼ਨਾਖਤ ਦਿਲਪ੍ਰੀਤ ਸਿੰਘ ਵਾਸੀ ਰਾਮਸਰ ਰੋਡ ਸੁਲਤਾਨਵਿੰਡ ਰੋਡ ਵਜੋਂ ਹੋਈ ਹੈ | ਇਸ ਸੰਬੰਧੀ ਹਰਦੀਪ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਨੇ ਪੁਲਿਸ ਨੂੰ ਦੱਸਿਆ ਕਿ ਇਹ ਮਾਮਲਾ ਬੀਤੀ ਅੱਧੀ ਰਾਤ ਦਾ ਹੈ, ਜਦੋਂ ਕਿ ਅਨਮੋਲ ਸਿੰਘ ਆਪਣੇ ਹੋਰ ਸਾਥੀਆਂ ਸ਼ਮਸ਼ੇਰ ਸਿੰਘ ਸ਼ਹੀਦ ਊਧਮ ਸਿੰਘ ਨਗਰ ਤੇ ਹੋਰਾਂ ਨਾਲ ਮਿਲ ਕੇ ਉਨ੍ਹਾਂ ਨਾਲ ਅਤੇ ਊਨ੍ਹਾਂ ਦੇ ਦੋਸਤ ਦਿਲਪ੍ਰੀਤ ਸਿੰਘ ਪੁਰਾਣੀ ਰੰਜਿਸ਼ ਕਾਰਨ ਝਗੜ ਰਹੇ ਸਨ | ਇਸ ਦੌਰਾਨ ਉਨ੍ਹਾਂ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਜੋ ਕਿ ਉਨ੍ਹਾਂ ਦੇ ਸਾਥੀ ਦਿਲਪ੍ਰੀਤ ਸਿੰਘ ਦੀ ਲੱਤ 'ਚ ਵੱਜੀ ਤੇ ਉਹ ਜ਼ਖ਼ਮੀਂ ਹੋ ਕੇ ਡਿੱਗ ਪਿਆ | ਇਸ ਸੰਬੰਧੀ ਥਾਣਾ ਬੀ ਡਵੀਜ਼ਨ ਦੇ ਮੁਖੀ ਇੰਸ: ਬਲਜਿੰਦਰ ਸਿੰਘ ਔਲਖ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ ਤੇ ਨਾਂਅ ਹੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੀ ਸਾਂਝੀ ਕੀਤੀ |