ਅੰਮਿ੍ਤਸਰ, 2 ਸਤੰਬਰ (ਹਰਮਿੰਦਰ ਸਿੰਘ)-ਸ਼ਹਿਰ 'ਚੋਂ ਕੂੜੇ ਦੀ ਚੁਕਾਈ ਨੂੰ ਲੈ ਕੇ ਲਗਾਏ ਮੁੱਖ ਟੈਂਡਰਾਂ ਦੀ ਪ੍ਰੀਕ੍ਰਿਆ ਪੂਰੀ ਹੋਣ ਨੂੰ ਅਜੇ ਸਮਾਂ ਲੱਗ ਸਕਦਾ ਹੈ | ਇਸ ਤੋਂ ਪਹਿਲਾਂ ਬਦਲਵੇਂ ਪ੍ਰਬੰਧ ਵਜੋਂ ਨਗਰ ਨਿਗਮ ਵਲੋਂ ਹਰ ਵਿਧਾਨ ਸਭਾ ਹਲਕੇ 'ਚੋਂ ਕੂੜੇ ਦੀ ਚੁਕਾਈ ਲਈ 20-20 ਟਰੈਕਟਰ ਟਰਾਲੀਆਂ ਲਗਾਉਣ ਸੰਬੰਧੀ ਲਗਾਇਆ ਗਿਆ ਟੈਂਡਰ ਅੱਜ ਖੁੱਲ੍ਹ ਗਿਆ ਹੈ | ਇਸ ਟੈਂਡਰ ਦੀ ਮਿਆਦ ਸਿਰਫ਼ ਇਕ ਮਹੀਨੇ ਦੀ ਹੈ ਅਤੇ ਲੋੜ ਪੈਣ 'ਤੇ ਇਹ ਮਿਆਦ ਹੋਰ ਵੀ ਵਧਾਈ ਜਾ ਸਕਦੀ ਹੈ | ਮਿਲੀ ਜਾਣਕਾਰੀ ਅਨੁਸਾਰ ਪੰਜ ਵਿਧਾਨ ਸਭਾ ਹਲਕਿਆਂ 'ਚੋਂ ਕੂੜੇ ਦੀ ਚੁਕਾਈ ਲਈ ਪੰਜ ਵੱਖਰੇ-ਵੱਖਰੇ ਟੈਂਡਰ ਲਗਾਏ ਗਏ ਸਨ | ਇਨ੍ਹਾਂ ਟੈਂਡਰਾਂ ਨੂੰ ਅੱਜ ਖੋਲ੍ਹੇ ਜਾਣ ਦੌਰਾਨ ਤਿੰਨ ਪਾਰਟੀਆਂ ਸਫਲ ਹੋਈਆਂ | ਜਿਨ੍ਹਾਂ ਨੂੰ ਇਹ ਟੈਂਡਰ ਮਿਲੇ ਹਨ | ਹਰ ਹਲਕੇ ਵਿਚ 20 ਟਰਾਲੀਆਂ ਲਗਾਈਆਂ ਜਾਣਗੀਆਂ | ਇਸ ਦੇ ਨਾਲ ਹਰ ਹਲਕੇ 'ਚ ਇਨ੍ਹਾਂ ਟਰਾਲੀਆਂ ਦੇ ਪਿੱਛੇ 75 ਕਰਮਚਾਰੀ ਕੰਮ ਕਰਨਗੇ | ਇਸ ਤਰ੍ਹਾਂ 100 ਟਰਾਲੀਆਂ ਸਫ਼ਾਈ ਲਈ ਲਗਾਈਆਂ ਜਾ ਰਹੀਆਂ ਹਨ ਅਤੇ 375 ਕਰਮਚਾਰੀ ਟਰਾਲੀਆਂ ਦੇ ਕੰਮ ਕਰਨਗੇ | ਇਨ੍ਹਾਂ ਹਲਕਿਆਂ 'ਚੋਂ ਕੂੜੇ ਦੀ ਚੁਕਾਈ 'ਤੇ ਕਰੀਬ 35 ਲੱਖ ਰੁਪਏ ਖਰਚ ਹੋਣਗੇ | ਲੋੜ ਪੈਣ 'ਤੇ ਇਹ ਟੈਂਡਰ ਵੀ ਅਗੋਂ ਵਧਾਏ ਜਾ ਸਕਦੇ ਹਨ |