ਗੋਇੰਦਵਾਲ ਸਾਹਿਬ, 4 ਸਤੰਬਰ (ਸਕੱਤਰ ਸਿੰਘ ਅਟਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਅਤੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ ਨੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਹੜ੍ਹ ਪੀੜਤਾਂ ਲਈ ਅਸਲ ਸਹਾਇਤਾ ਕਰਨ ਦੀ ਬਜਾਇ ਸਿਰਫ਼ ਦਿਖਾਵੇ ਵਿਚ ਲੱਗੇ ਹੋਏ ਹਨ | ਲਾਹੌਰੀਆ ਨੇ ਦੋਸ਼ ਲਗਾਇਆ ਕਿ ਮੰਤਰੀ ਹੜ੍ਹ ਵਾਲੇ ਇਲਾਕਿਆਂ ਦਾ ਦੌਰਾ ਕਰਨ ਸਮੇਂ ਬੰਨ੍ਹਾਂ 'ਤੇ ਕੁਝ ਮਿੱਟੀ ਦੇ ਤੋੜੇ ਚੁੱਕ ਕੇ ਫੋਟੋਆਂ ਖਿਚਵਾਉਂਦੇ ਹਨ ਅਤੇ ਮੀਡੀਆ ਸਾਹਮਣੇ ਬਿਆਨ ਦੇ ਕੇ ਆਪਣੇ ਘਰ ਵਾਪਸ ਆ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜੇ ਇਹੀ ਉਨ੍ਹਾਂ ਦੀ ਜਿੰਮੇਵਾਰੀ ਹੈ ਤਾਂ ਅਜਿਹੇ ਮੰਤਰੀਆਂ ਨੂੰ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਇਹ ਕੰਮ ਤਾਂ ਆਮ ਲੋਕ ਅਤੇ ਸਮਾਜ ਸੇਵਕ ਵੀ ਬਾਖ਼ੂਬੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਏ.ਆਈ. ਜਮਾਨੇ ਵਿਚ ਮੌਸਮ ਵਿਭਾਗ ਨੂੰ ਪਹਿਲਾਂ ਹੀ ਭਾਰੀ ਬਰਸਾਤਾਂ ਦੀ ਭਵਿੱਖਬਾਣੀ ਕਰ ਦੇਣੀ ਚਾਹੀਦੀ ਸੀ, ਪਰ ਇਸ ਮਾਮਲੇ ਵਿਚ ਵੀ ਬਹੁਤ ਵੱਡੀ ਲਾਪਰਵਾਹੀ ਹੋਈ | ਲਾਹੌਰੀਆ ਨੇ ਪੰਜਾਬ ਦੇ ਗਵਰਨਰ ਕੋਲੋਂ ਮੰਗ ਕੀਤੀ ਹੈ ਕਿ ਆਉਣ ਵਾਲੇ ਛੇ ਮਹੀਨਿਆਂ ਲਈ ਸਾਰੇ ਵਿਧਾਇਕਾਂ ਦੀ ਤਨਖ਼ਾਹ ਅੱਧੀ ਕੀਤੀ ਜਾਵੇ ਅਤੇ ਸਰਕਾਰ ਵਲੋਂ ਹੋਣ ਵਾਲੇ ਫ਼ਾਲਤੂ ਖ਼ਰਚਿਆਂ ਨੂੰ ਤੁਰੰਤ ਰੋਕਿਆ ਜਾਵੇ | ਉਨ੍ਹਾਂ ਕਿਹਾ ਕਿ ਜੇ ਸਰਕਾਰ ਆਪਣੇ ਖ਼ਰਚੇ ਘਟਾਏ ਤਾਂ ਬਚਿਆ ਪੈਸਾ ਸਿੱਧੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵਰਤਿਆ ਜਾ ਸਕਦਾ ਹੈ |